ਜੋਹਾਨਸਬਰਗ (ਪੀਟੀਆਈ) : ਪਿਛਲੇ ਸਾਲ ਲੰਬੇ ਲਾਕਡਾਊਨ ਦੇ ਬਾਵਜੂਦ ਦੱਖਣੀ ਅਫਰੀਕਾ ਨੇ ਸਭ ਤੋਂ ਵੱਧ ਵਾਹਨਾਂ ਦਾ ਦਰਾਮਦ ਭਾਰਤ ਤੋਂ ਕੀਤੀ। ਇਹ ਜਾਣਕਾਰੀ ਵਾਹਨ ਬਾਜ਼ਾਰ ਬਾਰੇ ਕਿ ਤਾਜ਼ਾ ਰਿਪੋਰਟ ’ਚ ਸਾਹਮਣੇ ਆਈ ਹੈ। ਇਸ ਦੇ ਮੁਤਾਬਕ ਪਿਛਲੇ ਸਾਲ ਕੋਰੋਨਾ ਸੰਕਟ ਕਾਰਨ ਭਾਰਤੀ ਬਾਜ਼ਾਰਾਂ ’ਚ ਵਾਹਨਾਂ ਦੀ ਵਿਕਰੀ ਕੁੱਲ ਮਿਲਾ ਕੇ ਘਟੀ ਸੀ। ਇਸ ਦੇ ਬਾਵਜੂਦ ਦੱਖਣੀ ਅਫਰੀਕੀ ਬਾਜ਼ਾਰ ’ਚ ਭਾਰਤੀ ਵਾਹਨਾਂ ਦੀ ਜ਼ਬਰਦਸਤ ਮੰਗ ਰਹੀ।

ਦੱਖਣੀ ਅਫਰੀਕਾ ਦੀ ਆਟੋਮੋਟਿਵ ਇੰਡਸਟਰੀ ਐਕਸਪੋਰਟ ਕੌਂਸਲ ਦੀ ਤਾਜ਼ਾ ਆਟੋਮੋਟਿਵ ਐਕਸਪੋਰਟ ਮੈਨੂਅਲ ਰਿਪੋਰਟ ਦਾ ਕਹਿਣਾ ਹੈ ਕਿ ਦੁਨੀਆ ਦੇ ਕਈ ਮੋਹਰੀ ਵਾਹਨ ਨਿਰਮਾਤਾਵਾਂ ਨੇ ਭਾਰਤ ਨੂੰ ਐਂਟਰੀ ਅਤੇ ਸਮਾਲ ਕਾਰ ਕਾਰੋਬਾਰ ’ਚ ਮੈਨੂਫੈਕਚਰਿੰਗ ਦੇ ਮੁੱਖ ਕੇਂਦਰ ਵਜੋਂ ਸਥਾਪਿਤ ਕਰ ਦਿੱਤਾ ਹੈ।

ਭਾਰਤ ਤੋਂ ਦੱਖਣੀ ਅਫਰੀਕਾ ਮੰਗਵਾਏ ਗਏ ਜ਼ਿਆਦਾਤਰ ਵਾਹਨ ਇਸੇ ਐਂਟਰੀ ਅਤੇ ਛੋਟੀ ਕਾਰ ਵਰਗ ਦੇ ਰਹੇ। ਇਸ ਸੈਗਮੈਂਟ ’ਚ ਪਿਛਲੇ ਸਾਲ ਫਾਕਸਵੈਗਨ ਦੀ ਪੋਲੋ ਵੀਵੋ ਕਾਰ ਇਕਲੌਤਾ ਅਜਿਹਾ ਵਾਹਨ ਰਿਹਾ ਜਿਸ ਦੀ ਮੈਨੂਫੈਕਚਰਿੰਗ ਦੱਖਣੀ ਅਫਰੀਕਾ ’ਚ ਹੀ ਕੀਤੀ ਗਈ ਸੀ। ਰਿਪੋਰਟ ਦਾ ਕਹਿਣਾ ਹੈ ਕਿ ਭਾਰਤ ਤੋਂ ਦੱਖਣੀ ਅਫਰੀਕਾ ’ਚ 2020 ਦੌਰਾਨ 87953 ਵਾਹਨ ਮੰਗਵਾਏ ਗਏ ਜੋ ਦੇਸ਼ ’ਚ ਦਰਾਮਦ ਕੀਤੇ ਕੁੱਲ ਯਾਤਰੀ ਕਾਰਾਂ ਅਤੇ ਹਲਕੇ ਕਮਰਸ਼ੀਅਲ ਵਾਹਨਾਂ ਦਾ 43.2 ਫ਼ੀਸਦੀ ਸੀ। ਮਹਿੰਦਰਾ ਦੇ ਪਿਕ-ਅਪ ਵਾਹਨਾਂ ਦੀ ਗਿਣਤੀ ਇੱਥੋਂ ਦੇ ਸਥਾਨਕ ਬਾਜ਼ਾਰ ’ਚ ਪਿਛਲੇ ਤਿੰਨ ਸਾਲਾਂ ਦੌਰਾਨ ਸਭ ਤੋਂ ਤੇਜ਼ੀ ਨਾਲ ਵਿਕਣ ਵਾਲੇ ਵਾਹਨਾਂ ’ਚ ਰਹੀ ਹੈ।

ਹਾਲਾਂਕਿ ਰਿਪੋਰਟ ਮੁਤਾਬਕ ਇਕ ਸੱਚ ਇਹ ਵੀ ਹੈ ਕਿ ਪਿਛਲੇ ਸਾਲ ਦੱਖਣੀ ਅਫਰੀਕਾ ’ਚ ਇਸ ਵਰਗ ਦੇ ਸਭ ਤੋਂ ਵੱਧ ਵਿਕਣ ਵਾਲੇ 10 ਬ੍ਰਾਂਡਸ ’ਚੋਂ 9 ਦੀ ਮੈਨੂਫੈਕਚਰਿੰਗ ਸਥਾਨਕ ਬਾਜ਼ਾਰ ’ਚ ਹੀ ਹੋਈ ਸੀ। ਦੱਖਣੀ ਅਫਰੀਕੀ ਬਾਜ਼ਾਰ ’ਚ ਲੋਕ ਪਿਕ-ਅਪ ਚਲਾਉਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ’ਚ ਲੋਕਾਂ ਨੂੰ ਕਮਰਸ਼ੀਅਲ ਅਤੇ ਦੂਰ ਸੈਰ-ਸਪਾਟੇ ਲਈ ਉਪਯੋਗੀ ਵਾਹਨ ਦੋਵਾਂ ਤਰ੍ਹਾਂ ਦੀ ਸਹੂਲਤ ਮਿਲ ਜਾਂਦੀ ਹੈ।

ਮਹਿੰਦਰਾ (ਦੱਖਣੀ ਅਫਰੀਕਾ) ਦੇ ਸੀਈਓ ਰਾਜੇਸ਼ ਗੁਪਤਾ ਨੇ ਕਿਹਾ ਕਿ ਇਹ ਕੰਪਨੀ ਲਈ ਬਹੁਤ ਚੰਗੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਦੱਖਣੀ ਅਫਰੀਕਾ ਦੇ ਸਬੰਧ ਪਹਿਲਾਂ ਤੋਂ ਚੰਗੇ ਰਹੇ ਹਨ ਅਤੇ ਮੌਜੂਦਾ ਸਮੇਂ ਜ਼ਿਆਦਾ ਮਜ਼ਬੂਤ ਹੋ ਰਹੇ ਹਨ। ਪਿਛਲੇ ਕੁਝ ਸਮੇਂ ਦੌਰਾਨ ਨਾ ਸਿਰਫ ਦੋਵਾਂ ਦੇਸ਼ਾਂ ’ਚ ਆਪਸੀ ਵਪਾਰ ਵਧਿਆ ਹੈ ਬਲਕਿ ਕਈ ਹੋਰ ਬਾਜ਼ਾਰਾਂ ਲਈ ਦੱਖਣੀ ਅਫਰੀਕਾ ਭਾਰਤੀ ਸਾਮਾਨਾਂ ਦੇ ਐਂਟਰੀ ਪੁਆਇੰਟ ਦੇ ਰੂਪ ’ਚ ਕੰਮ ਕਰ ਰਿਹਾ ਹੈ।

Posted By: Tejinder Thind