ਕੋਲੰਬੋ (ਆਈਏਐੱਨਐੱਸ) : ਦੇਸ਼ 'ਚ ਸੈਲਾਨੀਆਂ ਦੀ ਗਿਣਤੀ 'ਚ ਵਾਧੇ ਤੋਂ ਉਤਸ਼ਾਹਿਤ ਸ੍ਰੀਲੰਕਾ ਸਰਕਾਰ ਨੇ ਵੀਜ਼ਾ ਫੀਸ 'ਚ ਛੋਟ ਦੀ ਯੋਜਨਾ ਨੂੰ ਅਣਮਿੱਥੇ ਸਮੇਂ ਲਈ ਵਧਾਉਣ 'ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸ੍ਰੀਲੰਕਾ ਦੇ ਮੰਤਰੀ ਜੌਨ ਅਮਰਾਤੁੰਗਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਦੇਸ਼ 'ਚ ਆਉਣ ਵਾਲੇ ਸੈਲਾਨੀਆਂ ਦੀ ਸੰਖਿਆ ਇੰਜ ਹੀ ਵਧਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੁਫ਼ਤ ਵੀਜ਼ਾ ਦੀ ਸਹੂਲਤ ਦਾ ਵਿਸਥਾਰ ਅਣਮਿੱਥੇ ਸਮੇਂ ਲਈ ਕਰ ਦਿੱਤਾ ਜਾਵੇ। ਮੁਫ਼ਤ ਵੀਜ਼ਾ ਦੀ ਸਹੂਲਤ ਭਾਰਤ ਸਮੇਤ 48 ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਲਈ ਹੈ। ਫਿਲਹਾਲ ਇਸ ਯੋਜਨਾ ਨੂੰ ਇਕ ਅਗਸਤ ਤੋਂ ਅਗਲੇ ਛੇ ਮਹੀਨੇ ਤਕ ਲਈ ਲਾਗੂ ਕੀਤਾ ਗਿਆ ਹੈ।

ਸ੍ਰੀਲੰਕਾ 'ਚ ਪਿਛਲੀ ਅਪ੍ਰਰੈਲ 'ਚ ਹੋਏ ਆਤਮਘਾਤੀ ਧਮਾਕਿਆਂ ਤੋਂ ਬਾਅਦ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 'ਚ ਕਾਫ਼ੀ ਗਿਰਾਵਟ ਵੇਖੀ ਗਈ ਸੀ। ਇਸ ਨੂੰ ਮੁੜ ਤੋਂ ਵਧਾਉਣ ਦੇ ਮਕਸਦ ਨਾਲ ਸ੍ਰੀਲੰਕਾ ਸਰਕਾਰ ਨੇ ਮੁਫ਼ਤ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਸੀ। ਸ੍ਰੀਲੰਕਾ ਸਰਕਾਰ ਨੂੰ ਉਮੀਦ ਹੈ ਕਿ ਇਸ ਯੋਜਨਾ ਨਾਲ ਉਹ ਦੇਸ਼ 'ਚ ਇਸ ਸਾਲ 30 ਲੱਖ ਤੋਂ ਵੱਧ ਸੈਲਾਨੀਆਂ ਦੇ ਆਗਮਨ ਦੇ ਆਪਣੇ ਟੀਚੇ ਨੂੰ ਹਾਸਲ ਕਰ ਲਵੇਗੀ।