ਸਿਓਲ (ਏਪੀ) : ਦੱਖਣੀ ਕੋਰੀਆ ਦੇ ਇਕ ਸਮਾਜਿਕ ਕਾਰਕੁੰਨ ਨੇ ਮੰਗਲਵਾਰ ਨੂੰ ਗੁਬਾਰਿਆਂ ਦੇ ਮਾਧਿਅਮ ਰਾਹੀਂ ਲੱਖਾਂ ਦੀ ਗਿਣਤੀ ਵਿਚ ਕੂੜ ਪ੍ਰਚਾਰ ਸਮੱਗਰੀ ਉੱਤਰੀ ਕੋਰੀਆ ਵੱਲ ਭੇਜੇ ਜਾਣ ਦਾ ਦਾਅਵਾ ਕੀਤਾ। ਇਹ ਕਦਮ ਉੱਤਰੀ ਕੋਰੀਆ ਦੀ ਉਸ ਚਿਤਾਵਨੀ ਪਿੱਛੋਂ ਸਾਹਮਣੇ ਆਇਆ ਹੈ ਜਿਸ ਵਿਚ ਉਸ ਨੇ ਹੁਣ ਤਕ ਦੀ ਸਭ ਤੋਂ ਵੱਡੀ ਸਿਓਲ ਵਿਰੋਧੀ ਮੁਹਿੰਮ ਤਹਿਤ 1.2 ਕਰੋੜ ਕੂੜ ਪ੍ਰਚਾਰ ਪੱਤਰ ਦੱਖਣੀ ਕੋਰੀਆ ਭੇਜਣ ਦੀ ਗੱਲ ਕਹੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਦੋਵਾਂ ਕੋਰਿਆਈ ਦੇਸ਼ਾਂ ਵਿਚ ਤਣਾਅ ਵਧਣਾ ਨਿਸ਼ਚਿਤ ਹੈ।

ਦੱਖਣੀ ਕੋਰੀਆ ਦੇ ਸਰਹੱਦੀ ਸ਼ਹਿਰ ਪਾਜੂ ਵਿਚ ਤਾਇਨਾਤ ਪੁਲਿਸ ਨੇ ਕਿਹਾ ਹੈ ਕਿ ਕੂੜ ਪ੍ਰਚਾਰ ਸਮੱਗਰੀ ਉੱਤਰੀ ਕੋਰੀਆ ਭੇਜੇ ਜਾਣ ਦੇ ਦਾਅਵੇ ਦਾ ਉਹ ਪਤਾ ਲਗਾ ਰਹੀ ਹੈ। ਸਮਾਜਿਕ ਕਾਰਕੁੰਨ ਪਾਰਕ ਸਾਂਗ-ਹਾਕ ਨੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਨੇ ਸੋਮਵਾਰ ਰਾਤ ਸਰਹੱਦੀ ਸ਼ਹਿਰ ਪਾਜੂ ਤੋਂ ਗੁਬਾਰਿਆਂ ਦੇ ਮਾਧਿਅਮ ਰਾਹੀਂ ਲਗਪਗ ਪੰਜ ਲੱਖ ਕੂੜ ਪ੍ਰਚਾਰ ਪੱਤਰ ਅਤੇ ਕਿਤਾਬਾਂ ਉੱਤਰੀ ਕੋਰੀਆ ਭੇਜੀਆਂ ਹਨ। ਮੂਲ ਰੂਪ ਤੋਂ ਉੱਤਰੀ ਕੋਰਿਆਈ ਪਾਰਕ ਕੁਝ ਸਾਲ ਪਹਿਲੇ ਭੱਜ ਕੇ ਦੱਖਣੀ ਕੋਰੀਆ ਆ ਗਏ ਸਨ। ਇਕ ਬਿਆਨ ਵਿਚ ਪਾਰਕ ਨੇ ਕਿਹਾ ਕਿ ਕੂੜ ਪ੍ਰਚਾਰ ਸਮੱਗਰੀ ਭੇਜਣਾ ਇਕ ਤਰ੍ਹਾਂ ਨਾਲ ਉੱਤਰੀ ਕੋਰੀਆ ਦੇ ਲੋਕਾਂ ਦੀ ਮੁਕਤੀ ਲਈ ਸੰਘਰਸ਼ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ 'ਇਕ ਬੁਰਾਈ' ਅਤੇ ਉਨ੍ਹਾਂ ਦੇ ਸ਼ਾਸਨ ਨੂੰ 'ਜ਼ਾਲਮ' ਦੱਸਣ ਵਾਲੇ ਪਾਰਕ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨਾਂ ਕਿਮ ਵਿਰੋਧੀ ਪੱਤਰ ਭੇਜਦੇ ਰਹਿਣਗੇ।

ਉਧਰ, ਦੱਖਣੀ ਕੋਰਿਆਈ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਨਾ ਕੇਵਲ ਕੂੜ ਪ੍ਰਚਾਰ ਸਮੱਗਰੀ ਭੇਜੇ ਜਾਣ 'ਤੇ ਪਾਬੰਦੀ ਲਗਾਉਣਗੇ ਸਗੋਂ ਇਸ ਲਈ ਜ਼ਿੰਮੇਵਾਰ ਪਾਰਕ ਖ਼ਿਲਾਫ਼ ਕਾਰਵਾਈ ਵੀ ਕਰਨਗੇ। ਮਾਹਿਰਾਂ ਦਾ ਕਹਿਣਾ ਹੈ ਕਿ ਪਾਰਕ ਦੀਆਂ ਸਰਗਰਮੀਆਂ ਗ਼ੈਰ-ਜ਼ਰੂਰੀ ਰੂਪ ਨਾਲ ਦੋਵਾਂ ਦੇਸ਼ਾਂ ਵਿਚਕਾਰ ਤਲਖੀ ਵਧਾ ਰਹੀਆਂ ਹਨ। ਪਿਛਲੇ ਹਫ਼ਤੇ ਉੱਤਰੀ ਕੋਰੀਆ ਨੇ ਆਪਣੀ ਸਰਹੱਦ ਵਿਚ ਸਥਿਤ ਸੰਪਰਕ ਦਫ਼ਤਰ ਨੂੰ ਧਮਾਕਾ ਕਰ ਕੇ ਉੱਡਾ ਦਿੱਤਾ ਸੀ ਅਤੇ ਨਾਲ ਹੀ ਉਨ੍ਹਾਂ 2018 ਵਿਚ ਹੋਏ ਸਮਝੌਤੇ ਨੂੰ ਖ਼ਤਮ ਕਰਨ ਦੀ ਚਿਤਾਵਨੀ ਦਿੱਤੀ ਸੀ।