ਲਾਸ ਏਂਜਲਸ (ਰਾਇਟਰ) : ਅਮਰੀਕੀ ਨੇਵੀ ਦੇ 16 ਜਵਾਨਾਂ ਨੂੰ ਮਨੁੱਖੀ ਸਮੱਗਿਲੰਗ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ। ਇਹ ਗਿ੍ਫ਼ਤਾਰੀ ਵੀਰਵਾਰ ਨੂੰ ਦੱਖਣੀ ਕੈਲੀਫੋਰਨੀਆ ਸਥਿਤ ਕੈਂਪ ਪੈਂਡਲਟਨ ਨੇਵੀ ਅੱਡੇ ਤੋਂ ਹੋਈ। ਦੋਸ਼ ਹੈ ਕਿ ਇਹ ਜਲ ਸੈਨਿਕ ਅਮਰੀਕਾ-ਮੈਕਸੀਕੋ ਸਰਹੱਦ 'ਤੇ ਸ਼ਰਨਾਰਥੀਆਂ ਨੂੰ ਅਮਰੀਕਾ 'ਚ ਘੁਸਪੈਠ ਕਰਵਾ ਰਹੇ ਸਨ। ਇਸ ਗਿ੍ਫ਼ਤਾਰੀ ਦੀ ਪੁਸ਼ਟੀ ਕਰਦਿਆਂ ਨੇਵੀ ਦੇ ਤਰਜਮਾਨ ਫਰਸਟ ਲੈਫਟੀਨੈਂਟ ਕੈਮਰੂਨ ਐਡਿਨਬਰਗ ਨੇ ਦੱਸਿਆ ਕਿ ਇਹ ਗਿ੍ਫ਼ਤਾਰੀ ਇਸੇ ਮਹੀਨੇ ਨਾਜਾਇਜ਼ ਸ਼ਰਨਾਰਥੀਆਂ ਦੀ ਘੁਸਪੈਠ 'ਚ ਸ਼ਾਮਲ ਦੋ ਜਲ ਸੈਨਿਕਾਂ ਦੀ ਗਿ੍ਫ਼ਤਾਰੀ ਤੋਂ ਬਾਅਦ ਕੀਤੀ ਗਈ। ਪਿਛਲੀ ਤਿੰਨ ਜੁਲਾਈ ਨੂੰ ਕੈਂਪ ਪੈਂਡਲਟਨ ਨਾਲ ਜੁੜੇ ਦੋ ਜਲ ਸੈਨਿਕਾਂ ਨੂੰ ਮੈਕਸੀਕੋ ਤੋਂ ਆਏ ਤਿੰਨ ਸ਼ਰਨਾਰਥੀਆਂ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕੀ ਸਰਹੱਦ 'ਚ ਘੁਸਪੈਠ ਕਰਵਾਉਂਦੇ ਸਮੇਂ ਫੜਿਆ ਗਿਆ ਸੀ। ਪੁੱਛਗਿੱਛ 'ਚ ਇਕ ਘੁਸਪੈਠੀਏ ਨੇ ਅਮਰੀਕਾ 'ਚ ਦਾਖ਼ਲੇ ਲਈ ਜਲ ਸੈਨਿਕਾਂ ਨੂੰ ਅੱਠ ਹਜ਼ਾਰ ਡਾਲਰ (ਕਰੀਬ ਸਾਢੇ ਪੰਜ ਲੱਖ ਰੁਪਏ) ਦੇਣ ਦੀ ਗੱਲ ਦੱਸੀ ਸੀ। ਅਮਰੀਕੀ ਬਾਰਡਰ ਪੈਟਰੋਲ ਏਜੰਟ ਨੇ ਤਿੰਨਾਂ ਸ਼ਰਨਾਰਥੀਆਂ ਨੂੰ ਜਲ ਸੈਨਿਕ ਦੀ ਕਾਰ 'ਚ ਜਾਂਦੇ ਸਮੇਂ ਫੜਿਆ ਸੀ।