ਕਾਬੁਲ (ਰਾਇਟਰ) : ਕੋਰੋਨਾ ਵਾਇਰਸ ਕਾਰਨ ਲਾਗੂ ਪਾਬੰਦੀਆਂ ਦੌਰਾਨ ਅਫ਼ਗਾਨਿਸਤਾਨ ਵਿਚ ਖਾਧ ਸਮੱਗਰੀ ਵੰਡਣ ਦੌਰਾਨ ਭੜਕੀ ਹਿੰਸਾ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਇਕ ਐੱਮਪੀ ਨੇ ਇਹ ਜਾਣਕਾਰੀ ਦਿੱਤੀ ਹੈ।

ਘੋਰ ਇਲਾਕੇ ਤੋਂ ਐੱਮਪੀ ਗੁਲਜ਼ਮਾਨ ਨਾਇਬ ਨੇ ਕਿਹਾ ਕਿ ਖਾਧ ਸਮੱਗਰੀ ਦੀ ਵੰਡ ਦੌਰਾਨ ਪੱਖਪਾਤ ਕੀਤਾ ਜਾ ਰਿਹਾ ਸੀ। ਸਥਾਨਕ ਆਗੂਆਂ ਅਤੇ ਅਧਿਕਾਰੀਆਂ ਦੇ ਜਾਣਕਾਰ ਲੋਕਾਂ ਨੂੰ ਖਾਧ ਸਮੱਗਰੀ ਦਿੱਤੀ ਜਾ ਰਹੀ ਸੀ ਜਦਕਿ ਅਸਲੀ ਜ਼ਰੂਰਤਮੰਦ ਵੰਚਿਤ ਰਹਿ ਰਹੇ ਸਨ। ਇਸ ਬੇਨਿਯਮੀ ਤੋਂ ਲੋਕ ਭੜਕ ਗਏ।

ਉਧਰ, ਘੋਰ ਦੇ ਗਵਰਨਰ ਦੇ ਬੁਲਾਰੇ ਨੇ ਕਿਹਾ ਕਿ ਤਿੰਨ ਤੋਂ ਜ਼ਿਆਦਾ ਲੋਕਾਂ ਦੀ ਭੀੜ ਨੇ ਪੁਲਿਸ 'ਤੇ ਪਥਰਾਅ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਪਿੱਛੋਂ ਪੁਲਿਸ ਨੇ ਵੀ ਫਾਇਰਿੰਗ ਕੀਤੀ। ਬੁਲਾਰੇ ਨੇ ਕਿਹਾ ਕਿ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ ਪੰਜ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿਚ ਪੁਲਿਸ ਕਰਮਚਾਰੀ ਸ਼ਾਮਲ ਹਨ। ਬੁਲਾਰੇ ਨੇ ਖਾਧ ਸਮੱਗਰੀ ਦੀ ਵੰਡ ਵਿਚ ਗੜਬੜੀ ਤੋਂ ਵੀ ਇਨਕਾਰ ਕੀਤਾ।

ਅਫ਼ਗਾਨਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਚੇਅਰਮੈਨ ਸ਼ਹਿਰਜ਼ਾਦ ਆਜ਼ਾਦ ਨੇ ਟਵੀਟ ਕਰ ਕੇ ਕਿਹਾ ਕਿ ਕਮਿਸ਼ਨ ਨੇ ਇਸ ਘਟਨਾ 'ਤੇ ਨੋਟਿਸ ਲਿਆ ਹੈ ਅਤੇ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖਾਧ ਸਮੱਗਰੀ ਦੀ ਵੰਡ ਵਿਚ ਪੱਖਪਾਤ ਦੀਆਂ ਸ਼ਿਕਾਇਤਾਂ ਪਹਿਲੇ ਤੋਂ ਹੀ ਮਿਲ ਰਹੀਆਂ ਸਨ। ਦੱਸਣਯੋਗ ਹੈ ਕਿ ਅਫ਼ਗਾਨਿਸਤਾਨ ਵਿਚ ਕੋਰੋਨਾ ਨਾਲ ਹੁਣ ਤਕ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਅਤੇ ਚਾਰ ਹਜ਼ਾਰ ਤੋਂ ਜ਼ਿਆਦਾ ਪ੍ਰਭਾਵਿਤ ਹਨ।