ਮੈਡਿ੍ਡ (ਏਪੀ) : ਕੋਰੋਨਾ ਵਾਇਰਸ ਦੀ ਜਾਂਚ ਦੇ ਹਾਲ ਹੀ ਵਿਚ ਵਿਕਸਤ ਦੋ ਤਰੀਕਿਆਂ ਨੂੰ ਲੈ ਕੇ ਜਿੱਥੇ ਕੁਝ ਸਿਆਸੀ ਆਗੂ ਉਤਸ਼ਾਹਿਤ ਹਨ ਉੱਥੇ ਵਿਗਿਆਨੀਆਂ ਨੇ ਇਨ੍ਹਾਂ ਜਾਂਚ ਨਤੀਜਿਆਂ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਵਿਚ ਇਕ ਜਾਂਚ ਸੰਭਾਵਿਤ ਮਰੀਜ਼ ਦੀ ਨੱਕ ਤੋਂ ਲਏ ਗਏ ਸਰਲ ਨਮੂਨਿਆਂ ਅਤੇ ਦੂਜੀ ਜਾਂਚ ਸੂਈ ਦੀ ਨੋਕ 'ਤੇ ਲਏ ਗਏ ਖ਼ੂਨ ਦੇ ਨਮੂਨੇ 'ਤੇ ਆਧਾਰਤ ਹੈ।

ਕੋਰੋਨਾ ਵਾਇਰਸ ਕੋਵਿਡ-19 ਨਾਲ ਜੰਗ ਲੜ ਰਹੇ ਸਪੇਨ ਵਿਚ ਸਾਧਨਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਹਾਲ ਹੀ ਵਿਚ ਵਿਕਸਿਤ ਨੱਕ-ਗਲ਼ੇ ਤੋਂ ਲਏ ਗਏ ਸਰਲ ਨਮੂਨੇ ਅਤੇ ਸੂਈ ਦੀ ਨੋਕ 'ਤੇ ਲਏ ਗਏ ਖ਼ੂਨ ਦੇ ਨਮੂਨਿਆਂ ਤੋਂ ਤੁਰੰਤ ਜਾਂਚ ਨੇ ਵੱਡੀ ਉਮੀਦ ਪ੍ਰਗਟਾਈ ਸੀ। ਹਾਲਾਂਕਿ ਇਹ ਜਾਂਚ ਕਿੱਟ ਵੀ ਲੋੜੀਂਦੀ ਮਾਤਰਾ ਵਿਚ ਮੌਜੂਦ ਨਹੀਂ ਹੈ। ਇਨ੍ਹਾਂ ਵਿਚੋਂ ਵੀ ਕਈ ਭਰੋਸੇਯੋਗ ਨਹੀਂ ਹਨ।

ਸਪੇਨ ਦੇ ਸਿਹਤ ਮੰਤਰੀ ਸਲਵਾਡੋਰ ਈਲਾ ਨੇ ਕਿਹਾ ਕਿ ਬਾਜ਼ਾਰ ਵਿਚ ਹਫੜਾ-ਤਫੜੀ ਮਚੀ ਹੈ। ਉਨ੍ਹਾਂ ਨੇ ਦੇਸ਼ ਵਿਚ ਫੇਸ ਮਾਸਕ, ਸੁਰੱਖਿਆ ਯੰਤਰ ਅਤੇ ਤੁਰੰਤ ਜਾਂਚ ਦੀ ਕਿੱਟ ਨਾ ਮਿਲਣ 'ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਕਟ ਦੇ ਸਮੇਂ ਹਰ ਕਿਸੇ ਨੂੰ ਇਨ੍ਹਾਂ ਦੀ ਲੋੜ ਹੈ। ਇਹੀ ਨਹੀਂ ਸਾਰੇ ਚੰਗੀ ਗੁਣਵੱਤਾ ਵੀ ਚਾਹੁੰਦੇ ਹਨ। ਦੇਸ਼ ਵਿਚ ਇਸ ਸਮੇਂ ਮੌਜੂਦ ਤੁਰੰਤ ਜਾਂਚ ਵਾਲੇ ਐਂਟੀਜੇਨ ਟੈਸਟ ਕਿੱਟਾਂ ਵਿੱਚੋਂ ਸਾਰੇ ਚੰਗੀ ਗੁਣਵੱਤਾ ਵਾਲੇ ਨਹੀਂ ਹਨ। ਸਪੇਨ ਸਰਕਾਰ ਨੇ ਇਕ ਕੰਪਨੀ ਨੂੰ 9 ਹਜ਼ਾਰ ਕਿੱਟਾਂ ਵਾਪਸ ਕੀਤੀਆਂ ਹਨ ਜਿਨ੍ਹਾਂ ਦੇ ਨਤੀਜੇ ਭਰੋਸੇਯੋਗ ਨਹੀਂ ਮਿਲੇ। ਸਪੇਨ ਦੀ ਸਰਕਾਰ ਮੁਤਾਬਿਕ ਇਸ ਕਿੱਟ ਨੂੰ ਬਣਾਉਣ ਵਾਲੀ ਕੰਪਨੀ ਕੋਲ ਇਸ ਦੀ ਵਿਕਰੀ ਦਾ ਲਾਇਸੈਂਸ ਤਕ ਨਹੀਂ ਹੈ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਤੁਰੰਤ ਜਾਂਚ ਕਿੱਟ ਨੂੰ ਗੇਮ ਚੇਂਜਰ ਦੱਸਦੇ ਹੋਏ 34 ਲੱਖ ਕਿੱਟ ਦਾ ਆਰਡਰ ਦੇ ਦਿੱਤਾ ਹੈ। ਜੌਨਸਨ ਅਨੁਸਾਰ ਤੁਰੰਤ ਜਾਂਚ ਵਾਲੇ ਇਨ੍ਹਾਂ ਟੈਸਟਾਂ ਨਾਲ ਫੌਰਨ ਪਤਾ ਚੱਲ ਜਾਏਗਾ ਕਿ ਕੌਣ ਇਸ ਵਾਇਰਸ ਦੀ ਲਪੇਟ ਵਿਚ ਹੈ ਅਤੇ ਕੌਣ ਠੀਕ ਹੋ ਕੇ ਕੰਮ 'ਤੇ ਪਰਤ ਸਕਦਾ ਹੈ। ਇਨ੍ਹਾਂ ਆਸਾਨ ਟੈਸਟ ਤੋਂ ਸਿਹਤ ਵਿਭਾਗ ਦੇ ਉਹ ਕਰਮਚਾਰੀ ਜਲਦੀ-ਜਲਦੀ ਕੰਮ 'ਤੇ ਪਰਤ ਸਕਣਗੇ ਜਿਨ੍ਹਾਂ ਨੇ ਬਿਮਾਰੀ ਦੀ ਸ਼ੰਕਾ ਦੇ ਆਧਾਰ 'ਤੇ ਖ਼ੁਦ ਨੂੰ ਘਰਾਂ ਵਿਚ ਕੁਆਰੰਟਾਈਨ ਕਰ ਰੱਖਿਆ ਹੈ। ਹਾਲਾਂਕਿ ਕਈ ਵਿਗਿਆਨੀਆਂ ਨੂੰ ਇਨ੍ਹਾਂ ਟੈਸਟ ਕਿੱਟਾਂ 'ਤੇ ਭਰੋਸਾ ਨਹੀਂ ਹੋ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਏਨੀ ਜਲਦੀ ਸਹੀ ਜਾਂਚ ਨਤੀਜੇ ਮਿਲ ਨਹੀਂ ਸਕਦੇ। ਪਿਛਲੇ ਕਈ ਮਹੀਨਿਆਂ ਤੋਂ ਜਾਂਚ ਦਾ ਜੋ ਤਰੀਕਾ ਪ੍ਰਚਲਿਤ ਹੈ ਉਸ ਵਿਚ ਮਰੀਜ਼ ਦੇ ਗਲ਼ੇ ਅਤੇ ਨੱਕ ਤੋਂ ਰੂੰ ਰਾਹੀਂ ਤਰਲ ਨਮੂਨਾ ਲਿਆ ਜਾਂਦਾ ਹੈ ਜਿਸ ਵਿਚ ਜ਼ਿੰਦਾ ਵਾਇਰਸ ਹੋਣ। ਇਨ੍ਹਾਂ ਨਮੂਨਿਆਂ ਨੂੰ ਅਣਗਿਣਤ ਕਾਪੀਆਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਕੰਪਿਊਟਰ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਇਸ ਕੰਮ ਵਿਚ ਕਈ-ਕਈ ਦਿਨ ਲੱਗ ਜਾਂਦੇ ਹਨ ਜਦਕਿ ਨਵੇਂ ਤਰੀਕੇ ਦੇ ਟੈਸਟ ਜੋ ਕਿ ਫਲੂ ਦੀ ਜਾਂਚ ਨਾਲ ਮਿਲਦੇ-ਜੁਲਦੇ ਹਨ, 'ਚ ਸਿਰਫ਼ 15 ਮਿੰਟਾਂ ਵਿਚ ਨਤੀਜਾ ਆ ਰਿਹਾ ਹੈ।

ਅਮਰੀਕਾ, ਚੀਨ ਅਤੇ ਕੁਝ ਹੋਰ ਦੇਸ਼ਾਂ ਦੇ ਸਿਹਤ ਮਹਿਕਮਿਆਂ ਨੇ ਕੋਰੋਨਾ ਦੇ ਭਰਮਾਊ ਪੌਜ਼ਿਟਿਵ ਅਤੇ ਨੈਗੇਟਿਵ ਨਤੀਜੇ ਆਉਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸੇ ਕਾਰਨ ਮਾਹਿਰਾਂ ਦਾ ਮੰਨਣਾ ਹੈ ਕਿ ਤੁਰੰਤ ਜਾਂਚ ਦੇ ਨਤੀਜੇ ਪ੍ਰੰਪਰਿਕ ਜਾਂਚ ਦੇ ਮੁਕਾਬਲੇ ਘੱਟ ਭਰੋਸੇਯੋਗ ਹਨ।