ਸਾਨ ਫਰਾਂਸਿਸਕੋ : ਅਮਰੀਕਾ ਦੇ ਵਾਸ਼ਿੰਗਟਨ ਸੂਬੇ 'ਚ ਪਿਛਲੇ ਸ਼ੁੱਕਰਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਆਮ ਜਨਜੀਵਨ ਠੱਪ ਹੋ ਗਿਆ। ਸੋਮਵਾਰ ਨੂੰ ਵੀ ਸੂਬੇ ਦੇ ਸਾਰੇ ਸਕੂਲ ਕਾਲਜ ਬੰਦ ਰਹੇ। ਸਕੂਲਾਂ 'ਚ ਖੇਡਾਂ ਦੇ ਅਭਿਆਸ ਤੇ ਹੋਰ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ। ਭਾਰੀ ਬਰਫ਼ਬਾਰੀ ਦੇ ਪੂਰਵਲੇ ਅਨੁਮਾਨ ਤੋਂ ਬਾਅਦ ਗਵਰਨਰ ਜੇ ਇੰਸਲੀ ਨੇ ਸ਼ੁੱਕਰਵਾਰ ਨੂੰ ਹੀ ਸੂਬੇ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਸੀ। ਰਾਸ਼ਟਰੀ ਮੌਸਮ ਵਿਭਾਗ ਮੁਤਾਬਕ, ਸ਼ਨਿਚਰਵਾਰ ਨੂੰ ਸਿਆਟਲ ਦੇ ਆਸਪਾਸ ਦੇ ਇਲਾਕਿਆਂ 'ਚ 10 ਇੰਚ ਬਰਫ਼ ਡਿੱਗੀ। 70 ਸਾਲਾਂ 'ਚ ਫਰਵਰੀ 'ਚ ਪਹਿਲੀ ਵਾਰੀ ਏਨੀ ਬਰਫ਼ ਡਿੱਗੀ ਹੈ। ਸੜਕਾਂ 'ਤੇ ਬਰਫ਼ ਜੰਮਣ ਤੋਂ ਬਾਅਦ ਕਈ ਮੁੱਖ ਹਾਈਵੇ ਬੰਦ ਕਰ ਦਿੱਤੇ ਗਏ ਹਨ। ਸੈਂਕੜੇ ਕਾਰਾਂ ਬਰਫ਼ 'ਚ ਫਸੀਆਂ ਹਨ।