ਰਿਆਧ (ਏਐੱਫਪੀ) : ਰਿਮਾ ਨਾਮਕ ਇਕ ਲੜਕੀ ਨੇ ਰਿਆਧ ਦੇ ਕੈਫੇ ਵਿਚ ਬੈਠ ਕੇ ਵੇਖਿਆ ਕਿ ਉਸ ਦੀ ਜਾਣ-ਪਛਾਣ ਵਾਲਾ ਕੋਈ ਉੱਥੇ ਤਾਂ ਨਹੀਂ। ਇਸ ਪਿੱਛੋਂ ਉਸ ਨੇ ਇਲੈਕਟ੍ਰਾਨਿਕ ਸਿਗਰਟ ਪੀਤੀ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਕਰ ਦਿੱਤਾ।

ਰਿਆਧ ਦੀ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਨ ਵਾਲੀ 27 ਸਾਲਾ ਰਿਮਾ ਨੇ ਕਿਹਾ ਕਿ ਜਨਤਕ ਸਥਾਨ 'ਤੇ ਸਿਗਰਟ ਪੀ ਕੇ ਉਸ ਨੇ ਔਰਤਾਂ ਨੂੰ ਹਾਲ ਹੀ ਵਿਚ ਮਿਲੀ ਆਜ਼ਾਦੀ ਦਾ ਪ੍ਰਗਟਾਵਾ ਕੀਤਾ ਹੈ।

ਪੱਛਮੀ ਔਰਤਾਂ ਵਾਂਗ ਸਾਊਦੀ ਅਰਬ 'ਚ ਵੀ ਔਰਤਾਂ ਹੁਣ ਕਾਰਾਂ ਤੇ ਟੈਕਸੀਆਂ ਚਲਾ ਕੇ ਅਤੇ ਸਿਗਰਟ ਤੇ ਸ਼ੀਸ਼ਾ ਪਾਈਪ ਦੀ ਵਰਤੋਂ ਕਰ ਕੇ ਆਪਣੀ ਆਜ਼ਾਦੀ ਦਾ ਪ੍ਰਗਟਾਵਾ ਕਰ ਰਹੀਆਂ ਹਨ। ਪਿਛਲੇ ਕੁਝ ਮਹੀਨਿਆਂ ਦੌਰਾਨ ਸਾਊਦੀ ਅਰਬ 'ਚ ਔਰਤਾਂ ਵੱਲੋਂ ਸਿਗਰਟ ਪੀਣਾ ਆਮ ਗੱਲ ਹੋ ਗਈ ਹੈ।

ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਅਹੁਦਾ ਸੰਭਾਲਣ ਪਿੱਛੋਂ ਉਨ੍ਹਾਂ ਦੇਸ਼ ਵਿਚ ਕਈ ਆਰਥਿਕ ਤੇ ਸਮਾਜਿਕ ਸੁਧਾਰਾਂ ਨੂੰ ਮਨਜ਼ੂਰੀ ਦਿੱਤੀ ਹੈ। ਔਰਤਾਂ ਨੂੰ ਹੁਣ ਜਨਤਕ ਥਾਵਾਂ 'ਤੇ ਮੈਚ ਦੇਖਣ ਜਾਣ ਦੀ ਵੀ ਇਜਾਜ਼ਤ ਹੈ ਅਤੇ ਉਹ ਪਤੀ ਦੀ ਇਜਾਜ਼ਤ ਬਿਨਾਂ ਪਾਸਪੋਰਟ ਵੀ ਬਣਵਾ ਸਕਦੀਆਂ ਹਨ।

ਰਿਮਾ ਨੇ ਦੋ ਸਾਲ ਪਹਿਲਾਂ ਸਿਗਰਟ ਪੀਣੀ ਸ਼ੁਰੂ ਕੀਤੀ ਸੀ। ਉਸ ਨੇ ਤੰਬਾਕੂ ਦੇ ਨੁਕਸਾਨ ਨੂੰ ਨਕਾਰਦਿਆਂ ਕਿਹਾ ਕਿ ਉਸ ਨੂੰ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਕਿਤੇ ਉਸ ਦੇ ਘਰ ਵਾਲੇ ਉਸ ਨੂੰ ਸਿਗਰਟ ਪੀਂਦਿਆਂ ਨਾ ਦੇਖ ਲੈਣ।

ਕਿੰਗ ਅਬਦੁੱਲ ਅਜ਼ੀਜ਼ ਯੂਨੀਵਰਸਿਟੀ ਅਨੁਸਾਰ ਸਾਊਦੀ ਅਰਬ ਦੇ ਹਾਈ ਸਕੂਲਾਂ ਦੀ 65 ਫ਼ੀਸਦੀ ਕੁੜੀਆਂ ਸਿਗਰਟ ਪੀਣੀ ਸ਼ੁਰੂ ਕਰ ਦਿੰਦੀਆਂ ਹਨ।

ਦੱਸਣਯੋਗ ਹੈ ਕਿ ਕੁਝ ਸਾਲ ਪਹਿਲੇ ਤਕ ਸਾਊਦੀ ਅਰਬ 'ਚ ਜੇ ਕੋਈ ਔਰਤ ਨਹੁੰ ਪਾਲਿਸ਼ ਲਗਾਉਂਦੀ ਜਾਂ ਹਿਜਾਬ ਬਿਨਾਂ ਜਨਤਕ ਸਥਾਨ 'ਤੇ ਫਿਰਦੀ ਸੀ ਤਾਂ ਉਸ ਨੂੰ ਪੁਲਿਸ ਦੀ ਕੁੱਟਮਾਰ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਕ 36 ਸਾਲਾ ਹੇਬਾ ਜੋ ਲੰਬੇ ਸਮੇਂ ਤੋਂ ਸਿਗਰਟ ਦਾ ਸੇਵਨ ਕਰ ਰਹੀ ਹੈ ਨੇ ਕਿਹਾ ਕਿ ਮੈਂ ਇਹ ਸੋਚ ਵੀ ਨਹੀਂ ਸੀ ਸਕਦੀ ਕਿ ਮੈਂ ਕਦੇ ਰੈਸਤਰਾਂ ਵਿਚ ਕਿਸੇ ਗ਼ੈਰ ਮਰਦ ਨਾਲ ਬੈਠ ਕੇ ਸ਼ੀਸ਼ਾ ਦੀ ਵਰਤੋਂ ਕਰ ਸਕਾਂਗੀ।