ਵਾਸ਼ਿੰਗਟਨ : ਸਾਊਦੀ ਅਰਬ ਦੇ ਵਿਦੇਸ਼ ਰਾਜ ਮੰਤਰੀ ਆਦਿਲ ਅਲ-ਜੁਬੇਰ ਨੇ ਕਿਹਾ ਕਿ ਸਾਊਦੀ ਨੂੰ ਮਰਹੂਮ ਪੱਤਰਕਾਰ ਜਮਾਲ ਖਸ਼ੋਗੀ ਦੀ ਲਾਸ਼ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਹਾਲਾਂਕਿ ਮੰਨਿਆ ਕਿ ਸਾਊਦੀ ਅਰਬ ਦੇ ਹੀ ਕੁਝ ਅਧਿਕਾਰੀਆਂ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਖਸ਼ੋਗੀ ਦੀ ਹੱਤਿਆ ਕੀਤੀ ਸੀ। ਇਸ ਮਾਮਲੇ 'ਚ 11 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।

ਸਾਊਦੀ ਸਰਕਾਰ ਖ਼ਾਸ ਤੌਰ 'ਤੇ ਪਿ੍ੰਸ ਮੁਹੰਮਦ ਬਿਨ ਸਲਮਾਨ ਦੇ ਕੱਟੜ ਆਲੋਚਕ ਖਸ਼ੋਗੀ ਦੀ ਦੋ ਅਕਤੂਬਰ ਨੂੰ ਤੁਰਕੀ ਸਥਿਤ ਸਾਊਦੀ ਵਣਜ ਦੂਤਘਰ 'ਚ ਹੱਤਿਆ ਕਰ ਦਿੱਤੀ ਗਈ ਸੀ। ਦ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਖਸ਼ੋਗੀ ਕਈ ਸਾਲਾਂ ਤੋਂ ਆਪਣਾ ਦੇਸ਼ ਛੱਡ ਕੇ ਅਮਰੀਕਾ 'ਚ ਰਹਿ ਰਹੇ ਸਨ। ਤੁਰਕੀ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੱਤਿਆ ਤੋਂ ਬਾਅਦ ਖਸ਼ੋਗੀ ਦੀ ਲਾਸ਼ ਦਾ ਪਤਾ ਨਾ ਲੱਗ ਸਕਣ ਦੇ ਸਵਾਲ 'ਤੇ ਜੁਬੇਰ ਨੇ ਕਿਹਾ ਕਿ ਹਾਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਉਮੀਦ ਹੈ ਕਿ ਛੇਤੀ ਹੀ ਸਾਨੂੰ ਸੱਚ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤੁਰਕੀ ਤੋਂ ਇਸ ਮਾਮਲੇ ਨਾਲ ਸਬੰਧਤ ਸਬੂਤਾਂ ਦੀ ਮੰਗ ਕੀਤੀ ਗਈ ਹੈ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਅਮਰੀਕੀ ਖੁਫ਼ੀਆ ਏਜੰਸੀ ਸੀਆਈਏ ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਖਸ਼ੋਗੀ ਦੀ ਹੱਤਿਆ ਪਿ੍ੰਸ ਦੇ ਇਸ਼ਾਰੇ 'ਤੇ ਕੀਤੀ ਗਈ ਸੀ। ਪਰ ਸਾਊਦੀ ਸਰਕਾਰ ਨੇ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਸੀ।