ਰਿਆਧ (ਰਾਇਟਰ) : ਕੱਟੜਪੰਥੀ ਅਕਸ ਛੱਡ ਉਦਾਰਵਾਦ ਦੀ ਰਾਹ 'ਤੇ ਅੱਗੇ ਵਧ ਰਹੇ ਸਾਊਦੀ ਅਰਬ ਨੇ ਇਕ ਹੋਰ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ। ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਵੀਜ਼ਾ ਨਿਯਮ ਲਾਗੂ ਕਰਨ ਤੋਂ ਬਾਅਦ ਸਰਕਾਰ ਨੇ ਹੁਣ ਦੇਸ਼ ਦੇ ਹੋਟਲਾਂ 'ਚ ਵਿਦੇਸ਼ੀ ਔਰਤਾਂ ਤੇ ਮਰਦਾਂ ਨੂੰ ਇਕੱਠੇ ਰਹਿਣ ਦੀ ਛੋਟ ਦਿੱਤੀ ਹੈ। ਉਹ ਆਪਣਾ ਸਬੰਧ ਸਾਬਿਤ ਕੀਤੇ ਬਗ਼ੈਰ ਵੀ ਹੋਟਲ 'ਚ ਇਕੱਠੇ ਰਹਿ ਸਕਣਗੇ। ਇਹੀ ਨਹੀਂ ਸਾਊਦੀ ਔਰਤਾਂ ਨੂੰ ਵੀ ਹੋਟਲ 'ਚ ਕਮਰਾ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਓਕਾਜ ਅਖ਼ਬਾਰ 'ਚ ਸ਼ੁੱਕਰਵਾਰ ਨੂੰ ਸਾਊਦੀ ਦੇ ਸਖ਼ਤ ਨਿਯਮਾਂ 'ਚ ਬਦਲਾਅ ਕੀਤੇ ਜਾਣ ਦੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਨ੍ਹਾਂ ਬਦਲਾਵਾਂ ਤੋਂ ਇਹ ਜਾਹਿਰ ਹੁੰਦਾ ਹੈ ਕਿ ਇਸ ਦਾ ਮਕਸਦ ਗ਼ੈਰ ਵਿਆਹੁਤਾ ਵਿਦੇਸ਼ੀ ਜੋੜਿਆਂ ਦੀ ਯਾਤਰਾ ਨੂੰ ਆਸਾਨ ਕਰਨਾ ਹੈ। ਸਾਊਦੀ ਕਮਿਸ਼ਨ ਫਾਰ ਟੂਰਿਜ਼ਮ ਐਂਡ ਨੈਸ਼ਨਲ ਹੈਰੀਟੇਜ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ, 'ਸਾਰੇ ਸਾਊਦੀ ਨਾਗਰਿਕਾਂ ਨੂੰ ਹੋਟਲ 'ਚ ਠਹਿਰਣ ਲਈ ਆਪਣਾ ਫੈਮਿਲੀ ਆਈਡੀ ਜਾਂ ਸਬੰਧ ਸਾਬਿਤ ਕਰਨ ਦਾ ਸਬੂਤ ਦਿਖਾਉਣ ਲਈ ਕਿਹਾ ਗਿਆ ਹੈ। ਇਹ ਵਿਦੇਸ਼ੀ ਸੈਲਾਨੀਆਂ ਲਈ ਜ਼ਰੂਰੀ ਨਹੀਂ ਹੈ। ਜਦਕਿ ਸਾਊਦੀ ਸਮੇਤ ਸਾਰੀਆਂ ਔਰਤਾਂ ਆਪਣਾ ਆਈਡੀ ਮੁਹੱਈਆ ਕਰਵਾ ਕੇ ਹੋਟਲ 'ਚ ਕਮਰਾ ਬੁੱਕ ਕਰ ਸਕਣਗੀਆਂ ਤੇ ਇਕੱਲੀਆਂ ਵੀ ਰਹਿ ਸਕਦੀਆਂ ਹਨ।' ਹਾਲੇ ਤਕ ਤੇਲ ਸੰਪੰਨ ਇਸ ਖਾੜੀ ਦੇਸ਼ 'ਚ ਵਿਦੇਸ਼ੀ ਨਾਗਰਿਕਾਂ ਨੂੰ ਠਹਿਰਣ 'ਤੇ ਵਿਆਪਕ ਬੰਦਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਸੈਰ ਸਪਾਟੇ ਲਈ ਚੁੱਕੇ ਇਹ ਕਦਮ

ਸਾਊਦੀ ਨੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇਕ ਹਫ਼ਤਾ ਪਹਿਲਾਂ ਸੈਲਾਨੀ ਵੀਜ਼ਾ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਸੀ। ਵਿਦੇਸ਼ੀ ਔਰਤਾਂ ਨੂੰ ਪਹਿਰਾਵੇ 'ਚ ਢਿੱਲ ਵੀ ਦਿੱਤੀ ਗਈ ਹੈ। ਸਾਊਦੀ ਸਰਕਾਰ ਸਾਲ 2030 ਤਕ ਸਾਲਾਨਾ 10 ਕਰੋੜ ਸੈਲਾਨੀਆਂ ਦੇ ਟੀਚੇ 'ਤੇ ਪਹੁੰਚਣਾ ਚਾਹੁੰਦੀ ਹੈ।

ਔਰਤਾਂ ਨੂੰ ਇਕੱਲੇ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ

ਸਾਊਦੀ ਅਰਬ ਨੇ ਬੀਤੀ ਅਗਸਤ 'ਚ ਆਪਣੇ ਸਖ਼ਤ ਨਿਯਮਾਂ 'ਚ ਬਦਲਾਅ ਕਰਦਿਆਂ ਔਰਤਾਂ ਨੂੰ ਇਕੱਲੇ ਵਿਦੇਸ਼ ਜਾਣ ਦੀ ਛੋਟ ਦਿੱਤੀ ਸੀ। ਔਰਤਾਂ ਦੇ ਇਕੱਲੇ ਵਿਦੇਸ਼ ਜਾਣ 'ਤੇ ਲੱਗੀ ਪਾਬੰਦੀ ਕਾਰਨ ਸਾਊਦੀ ਸਰਕਾਰ ਨੂੰ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਪਿਛਲੇ ਸਾਲ ਮਿਲੀ ਡਰਾਈਵਿੰਗ ਦੀ ਛੋਟ

ਕ੍ਰਾਊਨ ਪ੍ਰਿੰਸ ਸਲਮਾਨ ਦੇ ਯਤਨਾਂ ਨਾਲ ਹੀ ਪਿਛਲੇ ਸਾਲ ਔਰਤਾਂ ਨੂੰ ਡਰਾਈਵਿੰਗ ਦੀ ਛੋਟ ਮਿਲੀ ਸੀ। ਇਹ ਅਧਿਕਾਰ ਹਾਸਲ ਕਰਨ ਲਈ ਸਾਊਦੀ ਔਰਤਾਂ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਸਨ। 1990 'ਚ ਪਹਿਲੀ ਵਾਰ ਇਸਦੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਹਾਲੇ ਵੀ ਲਾਗੂ ਹਨ ਕਈ ਪਾਬੰਦੀਆਂ

ਇਸ ਕੱਟੜਪੰਥੀ ਮੁਸਲਿਮ ਖਾੜੀ ਦੇਸ਼ 'ਚ ਹਾਲੇ ਵੀ ਕਈ ਸਖ਼ਤ ਪਾਬੰਦੀਆਂ ਲਾਗੂ ਹਨ। ਸਾਊਦੀ ਅਰਬ 'ਚ ਸ਼ਰਾਬ 'ਤੇ ਹਾਲੇ ਵੀ ਪਾਬੰਦੀ ਹੈ। ਇਹੀ ਨਹੀਂ ਸਾਊਦੀ ਔਰਤਾਂ ਨੂੰ ਬਿਨਾਂ ਬੁਰਕੇ ਦੇ ਬਾਹਰ ਨਿਕਲਣ ਦੀ ਵੀ ਛੋਟ ਨਹੀਂ ਹੈ।

ਮੁਲਕ ਦਾ ਅਕਸ ਸੁਧਾਰਨ 'ਚ ਜੁਟੇ ਹਨ ਕ੍ਰਾਊਨ ਪ੍ਰਿੰਸ

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਦੁਨੀਆ 'ਚ ਔਰਤਾਂ ਲਈ ਸਭ ਤੋਂ ਬੰਦਿਸ਼ਾਂ ਵਾਲੇ ਸਥਾਨ ਦੇ ਤੌਰ 'ਤੇ ਬਣਿਆ ਆਪਣੇ ਮੁਲਕ ਦਾ ਅਕਸ ਸੁਧਾਰਨ ਦੀ ਮੁਹਿੰਮ ਛੇੜੀ ਹੋਈ ਹੈ। ਇਸੇ ਕੋਸ਼ਿਸ਼ 'ਚ ਸਖ਼ਤ ਨਿਯਮਾਂ 'ਚ ਕਈ ਬਦਲਾਅ ਕੀਤੇ ਗਏ ਹਨ। ਉਹ 2015 ਤੋਂ ਹੀ ਸਮਾਜਿਕ ਸੁਧਾਰ ਦੀ ਮੁਹਿੰਮ 'ਚ ਜੁਟੇ ਹਨ।