ਵਾਸ਼ਿੰਗਟਨ (ਰਾਇਟਰ) : ਅਮਰੀਕਾ ਨੇ 89 ਅਜਿਹੀਆਂ ਚੀਨੀ ਕੰਪਨੀਆਂ ਦੀ ਸੂਚੀ ਬਣਾਈ ਹੈ ਜਿਹੜੀਆਂ ਅਮਰੀਕਾ ਦੀਆਂ ਕੰਪਨੀਆਂ ਤੋਂ ਏਅਰੋਸਪੇਸ, ਉਸ ਦੀ ਤਕਨੀਕ ਤੇ ਹੋਰ ਫ਼ੌਜੀ ਸਾਜ਼ੋ-ਸਾਮਾਨ ਦੀ ਖ਼ਰੀਦ ਕਰਦੀਆਂ ਹਨ। ਇਨ੍ਹਾਂ ਚੀਨੀ ਕੰਪਨੀਆਂ ਨੂੰ ਸਾਮਾਨ ਤੇ ਤਕਨੀਕ ਦੇਣ 'ਤੇ ਪਾਬੰਦੀ ਲਗਾਉਣ ਦੀ ਤਜਵੀਜ਼ ਦਾ ਖਰੜਾ ਤਿਆਰ ਹੈ ਤੇ ਵਿਧਾਨਕ ਪ੍ਰਕਿਰਿਆ ਮਗਰੋਂ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ।

ਰਾਇਟਰ ਮੁਤਾਬਕ ਇਸ ਤਜਵੀਜ਼ ਦੇ ਸਾਹਮਣੇ ਆਉਣ ਦੇ ਬਾਅਦ ਚੀਨ ਤੇ ਅਮਰੀਕਾ 'ਚ ਵਪਾਰ ਸਬੰਧੀ ਤਣਾਅ ਹੋਰ ਵੱਧ ਸਕਦਾ ਹੈ। ਨਾਲ ਹੀ ਉਨ੍ਹਾਂ ਅਮਰੀਕੀ ਕੰਪਨੀਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਜਿਹੜੀਆਂ ਹੋਰ ਸਾਮਾਨ ਦੇ ਨਾਲ ਨਾਗਰਿਕ ਜਹਾਜ਼ ਦੇ ਪੁਰਜ਼ੇ ਚੀਨੀ ਕੰਪਨੀਆਂ ਨੂੰ ਵੇਚਦੇ ਹਨ।

ਅਮਰੀਕਾ ਦੇ ਵਣਜ ਵਿਭਾਗ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਵਿਭਾਗ ਨੇ ਉਨ੍ਹਾਂ ਕੰਪਨੀਆਂ ਦੀ ਸੂਚੀ ਬਣਾਈ ਹੈ। ਚੀਨ ਤੋਂ ਵੀ ਇਸ 'ਤੇ ਤੁਰੰਤ ਟਿੱਪਣੀ ਨਹੀਂ ਮਿਲ ਸਕੀ।

ਇਸ ਸੂਚੀ 'ਚ ਚੀਨ ਦੀ ਕਮਰਸ਼ੀਅਲ ਕਾਰਪ ਆਫ਼ ਚਾਈਨਾ ਲਿਮਟਿਡ ਤੇ ਉਸ ਦੀਆਂ 10 ਹੋਰ ਸਹਿਯੋਗੀ ਕੰਪਨੀਆਂ ਹਨ ਜਿਨ੍ਹਾਂ ਦਾ ਮੁਕਾਬਲਾ ਬੋਇੰਗ ਤੇ ਏਅਰਬੱਸ ਦੇ ਨਾਲ ਰਹਿੰਦਾ ਹੈ। ਇਸ ਸੂਚੀ 'ਚ ਚੀਨ ਦੇ ਨਾਲ ਰੂਸ ਦੀਆਂ ਵੀ ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ ਦੇ ਸਾਮਾਨ ਨੂੰ ਅੰਤਿਮ ਰੂਪ ਨਾਲ ਫ਼ੌਜ ਲਈ ਬਣਾਇਆ ਜਾਂਦਾ ਹੈ। ਅਮਰੀਕੀ ਸਰਕਾਰ ਇਨ੍ਹਾਂ ਕੰਪਨੀਆਂ ਨੂੰ ਸਾਮਾਨ ਬਰਾਮਦ ਲਈ ਲਾਇਸੈਂਸ ਦੇਣ ਤੋਂ ਮਨ੍ਹਾ ਕਰ ਸਕਦੀ ਹੈ।

ਇਹ ਤਜਵੀਜ਼ ਹਾਲੀਆ ਕੁਝ ਮਹੀਨਿਆਂ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਖ਼ਿਲਾਫ਼ ਚੁੱਕੇ ਜਾ ਰਹੇ ਕਦਮਾਂ ਤਹਿਤ ਲਈ ਜਾ ਰਹੀ ਹੈ। 10 ਦਿਨ ਪਹਿਲਾਂ ਹੀ ਇਹ ਆਦੇਸ਼ ਸਾਹਮਣੇ ਆਇਆ ਹੈ ਜਿਸ ਵਿਚ ਅਮਰੀਕੀ ਕੰਪਨੀਆਂ ਦੀ ਅਜਿਹੀਆਂ ਚੀਨੀ ਕੰਪਨੀਆਂ ਨੂੰ ਬਰਾਮਦ 'ਤੇ ਰੋਕ ਲਗਾਉਣ ਦੀ ਤਜਵੀਜ਼ ਹੈ ਜਿਹੜੀਆਂ ਚੀਨੀ ਫ਼ੌਜ ਦੇ ਕੰਟਰੋਲ 'ਚ ਕੰਮ ਕਰ ਰਹੀਆਂ ਹਨ। ਇਹ ਤਜਵੀਜ਼ ਸੂਚੀ ਅਪ੍ਰਰੈਲ 'ਚ ਵਣਜ ਮੰਤਰਾਲੇ ਵੱਲੋਂ ਇਹ ਸਪੱਸ਼ਟ ਕਰਨ ਦੇ ਬਾਅਦ ਸਾਹਮਣੇ ਆਈ ਹੈ ਕਿ ਕਿਨ੍ਹਾਂ-ਕਿਨ੍ਹਾਂ ਉਤਪਾਦਾਂ ਨੂੰ ਫ਼ੌਜ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ।

ਤਜਵੀਜ਼ 'ਚ ਕੰਪਿਊਟਰ ਸਾਫਟਵੇਅਰ, ਵਿਗਿਆਨਕ ਉਪਕਰਨ, ਡਿਜੀਟਲ ਆਸੀਲੋਸਕੋਪ ਤੇ ਏਅਰਕ੍ਰਾਫਟ ਦੇ ਪੁਰਜ਼ੇ ਸ਼ਾਮਲ ਹਨ। ਚੀਨ ਨੂੰ ਬਰਾਮਦ 'ਤੇ ਰੋਕ ਦੀ ਤਜਵੀਜ਼ ਦੀ ਇਹ ਸੂਚੀ ਅਜਿਹੇ ਸਮੇਂ 'ਤੇ ਆ ਰਹੀ ਹੈ ਜਦੋਂ ਬੋਇੰਗ ਨੂੰ ਚੀਨ ਤੋਂ ਮੈਕਸ 737 ਦੀ ਤਜਵੀਜ਼ ਦੀ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਹੈ। ਇਸ ਨੂੰ ਅਮਰੀਕਾ ਦੇ ਸਬੰਧਤ ਵਿਭਾਗ ਨੇ ਮਾਰਚ 'ਚ ਹੀ ਮਨਜ਼ੂਰੀ ਦੇ ਦਿੱਤੀ ਸੀ। 89 ਚੀਨੀ ਕੰਪਨੀਆਂ ਦੀ ਸੂਚੀ ਦੇ ਨਾਲ ਹੀ ਰੂਸ ਦੀਆਂ 28 ਅਜਿਹੀਆਂ ਹੀ ਕੰਪਨੀਆਂ ਦੀ ਸੂਚੀ ਤਜਵੀਜ਼ 'ਚ ਸ਼ਾਮਲ ਹੈ। ਵਾਸ਼ਿੰਗਟਨ ਦੇ ਵਪਾਰ ਸਬੰਧੀ ਵਕੀਲ ਕੈਵਿਨ ਵੁਲਫ ਦਾ ਕਹਿਣਾ ਹੈ ਕਿ ਤਜਵੀਜ਼ਸ਼ੁਦਾ ਖਰੜਾ ਇੰਡਸਟਰੀ ਵਿਭਾਗ ਦੀ ਟੈਕਨੀਕਲ ਐਡਵਾਈਜ਼ਰੀ ਕਮੇਟੀ ਕੋਲ ਜਾਵੇਗਾ ਤੇ ਇਸ ਸੂਚੀ 'ਚ ਸੋਧ ਹੋਣ ਦੀ ਵੀ ਗੁੰਜਾਇਸ਼ ਹੈ। ਇਸ ਦੇ ਇਲਾਵਾ ਤਜਵੀਜ਼ ਨੂੰ ਹੋਰ ਪ੍ਰਕਿਰਿਆਵਾਂ ਤੋਂ ਵੀ ਲੰਘਣਾ ਪਵੇਗਾ।