ਮਾਸਕੋ (ਏਜੰਸੀ) : ਅਫ਼ਗਾਨਿਸਤਾਨ 'ਚ ਜਾਰੀ ਜੰਗ ਦੌਰਾਨ ਮੱਧ ਏਸ਼ੀਆ ਦੇ ਦੇਸ਼ਾਂ ਦੀਆਂ ਸਰਹੱਦ 'ਤੇ ਫ਼ੌਜ ਚੌਕਸ ਹੋ ਗਈ ਹੈ। ਇਨ੍ਹਾਂ ਦੇਸ਼ਾਂ 'ਚ ਰੂਸ ਦੀ ਸਰਗਰਮੀ ਵੱਧ ਗਈ ਹੈ। ਤਜ਼ਾਕਿਸਤਾਨ ਦੀ ਸਰਹੱਦ 'ਤੇ ਟੈਂਕ ਤਾਇਨਾਤ ਕਰਨ ਤੋਂ ਬਾਅਦ ਹੁਣ ਰੂਸ ਦੇ ਲੜਾਕੂ ਜਹਾਜ਼ ਵੀ ਇੱਥੇ ਤਾਇਨਾਤ ਹੋ ਕੇ ਜੰਗੀ ਅਭਿਆਸ ਕਰਨਗੇ। ਇੱਧਰ, ਅਫ਼ਗਾਨ ਫ਼ੌਜ ਨੇ ਤਾਲਿਬਾਨ ਦੇ ਕਈ ਟਿਕਾਣਿਆਂ 'ਤੇ ਹਮਲੇ ਕੀਤੇ। ਇਸ ਕਾਰਵਾਈ 'ਚ 23 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ।

ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਤੇਜ਼ੀ ਨਾਲ ਕਬਜ਼ਾ ਹੋਣ ਤੋਂ ਬਾਅਦ ਹੁਣ ਗੁਆਂਢੀ ਚੌਕਸ ਹੋ ਗਏ ਹਨ। ਮੱਧ ਏਸ਼ੀਆ ਦੇ ਦੇਸ਼, ਖਾਸ ਤੌਰ 'ਤੇ ਤਜ਼ਾਕਿਸਤਾਨ, ਉਜ਼ਬੇਕਿਸਤਾਨ ਨਾਲ ਲੱਗੀਆਂ ਸਰਹੱਦਾਂ 'ਤੇ ਫ਼ੌਜੀਆਂ ਦਾ ਇਕੱਠ ਸ਼ੁਰੂ ਹੋ ਗਿਆ ਹੈ। ਇੱਥੇ ਰੂਸ ਨੇ ਅਫਗਾਨ ਸਰਹੱਦ ਨਾਲ ਲੱਗੇ ਤਜ਼ਾਕਿਸਤਾਨ ਇਲਾਕੇ 'ਚ ਪਹਿਲਾਂ ਆਪਣੇ ਫ਼ੌਜੀ ਤੇ ਟੈਂਕ ਤਾਇਨਾਤ ਕੀਤੇ ਸਨ, ਹੁਣ ਹਵਾਈ ਤਾਕਤ ਵੀ ਵਧਾ ਦਿੱਤੀ ਹੈ। 10 ਅਗਸਤ ਤਕ ਅਫਗਾਨ ਸਰਹੱਦ 'ਤੇ ਤਜ਼ਾਕਿਸਤਾਨ, ਕਿਰਗਿਸਤਾਨ ਤੇ ਉਜ਼ਬੇਕਿਸਤਾਨ ਦੇ ਸਹਿਯੋਗ ਨਾਲ ਜੰਗੀ ਅਭਿਆਸ ਕੀਤਾ ਜਾ ਰਿਹਾ ਹੈ। ਰੂਸ ਨੇ ਇੱਥੇ ਸੁਖੋਈ-25 ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਰੂਸ ਮੱਧ ਏਸ਼ਿਆਈ ਦੇਸ਼ਾਂ ਨੂੰ ਅਫਗਾਨ ਸਮੱਸਿਆ ਦੇ ਮਾਮਲੇ 'ਚ ਸੁਰੱਖਿਆ ਦੀ ਪੂਰੀ ਗਾਰੰਟੀ ਦੇਣਾ ਚਾਹੁੰਦਾ ਹੈ, ਜਿਸ ਨਾਲ ਅਮਰੀਕਾ ਨੂੰ ਇੱਥੇ ਫੌਜੀ ਅੱਡਾ ਬਣਾਉਣ 'ਚ ਕਾਮਯਾਬੀ ਨਾ ਮਿਲ ਸਕੇ।

ਇੱਧਰ, ਆਈਏਐੱਨਐੱਸ ਮੁਤਾਬਕ, ਫਰਯਾਬ ਸੂਬੇ ਦੇ ਪਸ਼ਤੂਨਕੋਟ ਤੇ ਅਲਮਾਰ ਜ਼ਿਲਿ੍ਹਆਂ 'ਚ ਤਾਲਿਬਾਨ ਦੇ ਟਿਕਾਣਿਆਂ 'ਤੇ ਜ਼ਬਰਦਸਤ ਹਮਲੇ ਕੀਤੇ ਗਏ। ਹਥਿਆਰ, ਗੋਲਾਬਾਰੂਦ ਬਰਬਾਦ ਕਰਨ ਦੇ ਨਾਲ ਹੀ ਇੱਥੇ 23 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਤਾਲਿਬਾਨ ਇੱਥੇ ਫਰਯਾਬ ਸੂਬੇ ਦੀ ਰਾਜਧਾਨੀ ਮੇਅਮਨਾ ਨੂੰ ਲੈ ਕੇ ਵੀ ਸੰਘਰਸ਼ ਕਰ ਰਿਹਾ ਹੈ। ਤਾਲੁਕਾਨ ਸ਼ਹਿਰ 'ਤੇ ਕਬਜ਼ੇ ਨੂੰ ਲੈਕੇ ਵੀ ਜੰਗ ਚੱਲ ਰਹੀ ਹੈ।