ਮਾਸਕੋ (ਏਜੰਸੀਆਂ) : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਸਾਲ 2036 ਤਕ ਸੱਤਾ 'ਚ ਬਣੇ ਰਹਿਣ ਦਾ ਰਾਹ ਸਾਫ਼ ਹੋ ਗਿਆ ਹੈ। ਇਸ ਲਈ ਦੇਸ਼ ਦੇ ਸੰਵਿਧਾਨ 'ਚ ਕੀਤੀਆਂ ਗਈਆਂ ਸੋਧਾਂ ਨੂੰ ਵੋਟਰਾਂ ਦੀ ਭਾਰੀ ਹਮਾਇਤ ਮਿਲੀ ਹੈ। ਕਰੀਬ 78 ਫੀਸਦੀ ਵੋਟਰਾਂ ਨੇ ਹੱਕ 'ਚ ਮਤਦਾਨ ਕੀਤਾ ਹੈ। ਹਾਲਾਂਕਿ ਰਾਸ਼ਟਰਪਤੀ ਭਵਨ ਕ੍ਰੈਮਲਿਨ ਦੇ ਆਲੋਚਕਾਂ ਨੇ ਮਤਦਾਨ 'ਚ ਹੇਰਾਫੇਰੀ ਕੀਤੇ ਜਾਣ ਦਾ ਦੋਸ਼ ਲਾਇਆ ਹੈ।

ਰੂਸ 'ਚ ਕੋਰੋਨਾ ਮਹਾਮਾਰੀ ਵਿਚਾਲੇ ਸੰਵਿਧਾਨਕ ਸੋਧਾਂ 'ਤੇ ਜਨਤਾ ਦੀ ਰਾਇ ਮੰਗਣ ਲਈ ਮਤਦਾਨ ਕਰਵਾਇਆ ਗਿਆ ਸੀ। ਹਫਤੇ ਤਕ ਚੱਲਿਆ ਇਹ ਮਤਦਾਨ ਬੁੱਧਵਾਰ ਨੂੰ ਖਤਮ ਹੋਇਆ ਸੀ। ਕੇਂਦਰੀ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਬੈਲੇਟ ਪੇਪਰਾਂ ਦੀ ਗਿਣਤੀ ਪੂਰੀ ਹੋ ਗਈ ਹੈ। 77.9 ਫੀਸਦੀ ਵੋਟਰਾਂ ਨੇ ਸੁਧਾਰਾਂ ਦੇ ਹੱਕ 'ਚ ਮਤਦਾਨ ਕੀਤਾ। ਜਦਕਿ 21.3 ਫੀਸਦੀ ਨੇ ਖਿਲਾਫ਼ ਮਤਦਾਨ ਕੀਤਾ। ਨਤੀਜਿਆਂ ਤੋਂ ਪੁਤਿਨ ਦੇ ਹੱਕ 'ਚ ਵੋਟਰਾਂ ਦੀ ਹੁਣ ਤਕ ਦਾ ਸਭ ਤੋਂ ਵੱਧ ਹਮਾਇਤ ਜ਼ਾਹਿਰ ਹੁੰਦੀ ਹੈ। ਸਾਲ 2018 ਦੀ ਰਾਸ਼ਟਰਪਤੀ ਚੋਣ 'ਚ ਪੁਤਿਨ ਨੂੰ 76.7 ਫੀਸਦੀ ਵੋਟਾਂ ਮਿਲੀਆਂ ਸਨ। ਜਦਕਿ 2012 ਦੀਆਂ ਚੋਣਾਂ 'ਚ ਉਨ੍ਹਾਂ ਨੂੰ ਸਿਰਫ਼ 63.3 ਫੀਸਦੀ ਵੋਟਾਂ ਮਿਲੀਆਂ ਸਨ। ਹਾਲਾਂਕਿ ਰੂਸ ਦੀ ਪ੍ਰਮੁੱਖ ਸੁਤੰਤਰ ਸਰਵੇ ਏਜੰਸੀ ਲੇਵਾਡਾ ਸੈਂਟਰ ਮੁਤਾਬਕ, ਮਈ 'ਚ ਪੁਤਿਨ ਦੀ ਅਪਰੂਵਲ ਦਰਜਾਬੰਦੀ ਸਿਰਫ਼ 59 ਫੀਸਦੀ ਸੀ।

ਵਿਰੋਧੀਆਂ 'ਤੇ ਚੁੱਕੇ ਸਵਾਲ

ਰਾਸ਼ਟਰਪਤੀ ਦੇ ਆਲੋਚਕਾਂ ਨੇ ਮਤਦਾਨ ਨਤੀਜਿਆਂ 'ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਨਤੀਜੇ ਝੂਠੇ ਹਨ। ਇਹ ਉਨ੍ਹਾਂ ਦੀ ਕਮਜ਼ੋਰੀ ਦਰਸਾਉਂਦਾ ਹੈ। ਉਹ ਉਮਰ ਭਰ ਰਾਸ਼ਟਰਪਤੀ ਅਹੁਦੇ 'ਤੇ ਰਹਿਣਾ ਚਾਹੁੰਦੇ ਹਨ। ਵਿਰੋਧੀ ਨੇਤਾ ਅਲੈਕਸੇਈ ਨਵਲੇਨੀ ਨੇ ਫੇਸਬੁੱਕ ਪੋਸਟ 'ਚ ਲਿਖਿਆ, 'ਰੂਸ 'ਚ ਰਿਕਾਰਡ ਪੱਧਰ 'ਤੇ ਝੂਠੀਆਂ ਵੋਟਾਂ ਦਿਖਾਈਆਂ ਜਾ ਰਹੀਆਂ ਹਨ। ਇਹ ਨਤੀਜੇ ਜਨਤਾ ਦੀ ਸਹੀ ਰਾਇ ਨੂੰ ਨਹੀਂ ਦਰਸਾਉਂਦੇ।' ਪੁਤਿਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।

ਸੰਵਿਧਾਨ ਸੋਧ ਦਾ ਵਿਰੋਧ

ਰੂਸ ਦੇ ਸੰਵਿਧਾਨ 'ਚ ਕੀਤੀਆਂ ਗਈਆਂ ਸੋਧਾਂ ਦਾ ਵਿਵਾਦਾਂ ਨਾਲ ਨਾਤਾ ਰਿਹਾ ਹੈ। ਇਸ ਦਾ ਵਿਰੋਧੀ ਧਿਰ ਸਮੇਤ ਕਈ ਵਰਗ ਵਿਰੋਧ ਕਰ ਰਹੇ ਹਨ। ਮਾਸਕੋ ਦੇ ਰੈੱਡ ਸਕੁਆਇਰ ਇਲਾਕੇ 'ਚ ਬੁੱਧਵਾਰ ਨੂੰ ਵਰਕਰਾਂ ਦੇ ਇਕ ਸਮੂਹ ਨੇ ਸੋਧਾਂ ਦਾ ਵਿਰੋਧ ਕੀਤਾ।

ਰਾਸ਼ਟਰਪਤੀ ਅਹੁਦੇ ਲਈ ਦੋ ਵਾਰੀ ਹੋਰ ਲੜ ਸਕਣਗੇ ਚੋਣ

ਰਾਸ਼ਟਰਪਤੀ ਅਹੁਦੇ 'ਤੇ ਪੁਤਿਨ ਦਾ ਮੌਜੂਦਾ ਕਾਰਜਕਾਲ 2024 'ਚ ਪੂਰਾ ਹੋਵੇਗਾ। ਸੰਵਿਧਾਨ 'ਚ ਕੀਤੇ ਗਏ ਬਦਲਾਵਾਂ ਨਾਲ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਲਈ ਦੋ ਵਾਰੀ ਹੋ ਚੋਣ ਲੜਨ ਦੀ ਇਜਾਜ਼ਤ ਮਿਲ ਗਈ ਹੈ। ਇਸ ਦਾ ਮਤਲਬ ਹੈ ਕਿ ਉਹ 83 ਸਾਲ ਦੀ ਉਮਰ ਤਕ ਰੂਸ 'ਤੇ ਸ਼ਾਸਨ ਕਰ ਸਕਣਗੇ। ਉਨ੍ਹਾਂ ਦੀ ਉਮਰ ਹਾਲੇ 63 ਸਾਲ ਹੈ। ਰੂਸ 'ਚ ਰਾਸ਼ਟਰਪਤੀ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ। ਰੂਸੀ ਸੰਵਿਧਾਨ ਤਹਿਤ ਪਹਿਲਾਂ ਰਾਸ਼ਟਰਪਤੀ ਅਹੁਦੇ 'ਤੇ ਲਗਾਤਾਰ ਦੋ ਕਾਰਜਕਾਲ ਦੀ ਹੀ ਇਜਾਜ਼ਤ ਸੀ।