ਕੀਵ (ਰਾਇਟਰ) : ਯੂਕਰੇਨ ਤੋਂ ਅਨਾਜ ਬਰਾਮਦ ਦੀਆਂ ਤਿਆਰੀਆਂ ਵਿਚਾਲੇ ਰੂਸ ਨੇ ਦੱਖਣੀ ਸ਼ਹਿਰ ਮਾਈਕੋਲਾਈਵ ’ਤੇ ਪੂਰੀ ਰਾਤ ਅਤੇ ਐਤਵਾਰ ਦੀ ਸਵੇਰੇ ਭਾਰੀ ਬੰਬਾਰੀ ਕੀਤੀ। ਮਾਈਕੋਲਾਈਵ ਦੇ ਗਵਰਨਰ ਵਿਟਾਲੀ ਕਿਮ ਨੇ ਦੱਸਿਆ ਕਿ ਘਰ ’ਤੇ ਬੰਬ ਡਿੱਗਣ ਦੇ ਕਾਰਨ ਦੇਸ਼ ਦੇ ਸਭ ਤੋਂ ਵੱਡੇ ਅਨਾਜ ਉਤਾਪਦਕਾਂ ਤੇ ਬਰਮਾਦਕਾਰਾਂ ਵਿਚ ਸ਼ਾਮਲ ਓਲੈਕਸੀ ਵਡਾਤੁਸਰਕੀ ਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਇਸ ਵਿਚਾਲੇ, ਤੁਰਕੀਏ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਇਕ ਬੁਲਾਰੇ ਨੇ ਦਾਅਵਾ ਕੀਤਾ ਕਿ ਯੂਕਰੇਨੀ ਕੰਢੇ ਤੋਂ ਅਨਾਜ ਦੀ ਖੇਪ ਲੈ ਕੇ ਪਹਿਲਾ ਜਹਾਜ਼ ਸੋਮਵਾਰ ਨੂੰ ਰਵਾਨਾ ਹੋ ਸਕਦਾ ਹੈ।

ਓਲੈਕਸੀ ਦੀ ਕੰਪਨੀ ਨਿਬੁਲੋਨ ਦਾ ਹੈੱਡਕੁਆਟਰ ਮਾਈਕੋਲਾਈਵ ਵਿਚ ਹੈ। ਕੰਪਨੀ ਕਣਕ, ਜੌਂ ਤੇ ਮੱਕੀ ਦੇ ਉਤਪਦਾਨ ਤੇ ਬਰਾਮਦ ਵਿਚ ਅੱਗੇ ਹੈ। ਇਸ ਕੋਲ ਆਪਣੇ ਜਹਾਜ਼ ਤੇ ਸ਼ਿਪਯਾਰਡ ਹਨ। ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਓਲੈਸਕੀ ਦੀ ਮੌਤ ਨੂੰ ਦੇਸ਼ ਲਈ ਵੱਡਾ ਨੁਕਸਾਨ ਦੱਸਿਆ ਹੈ। ਰੂਸ ਨਾਲ ਤੇਜ਼ ਹੁੰਦੀ ਜੰਗ ਵਿਚਾਲੇ ਜ਼ੇਲੈਂਸਕੀ ਨੇ ਫ਼ੌਜ ਨੂੰ ਪੂਰਬੀ ਡੋਨੈਸਕ ਖੇਤਰ ਨੂੰ ਖਾਲੀ ਕਰਾਉਣ ਦਾ ਹੁਕਮ ਦਿੱਤਾ ਹੈ। ਮੇਅਰ ਓਲੈਕਜ਼ੈਂਡਰ ਸੇਂਕੇਵਿਚ ਨੇ ਦੱਸਿਆ ਕਿ 12 ਰੂਸੀ ਮਿਜ਼ਾਈਲਾਂ ਨੇ ਮਾਈਕੋਲਾਈਵ ਤੇ ਨਿਕੋਪੋਲ ਦੇ ਘਰਾਂ ਤੇ ਵਿਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ।

ਯੂਕਰੇਨ ਨੇ ਕਾਲਾ ਸਾਗਰ ’ਚ ਰੂਸੀ ਜੰਗੀ ਬੇੜੇ ’ਤੇ ਕੀਤਾ ਹਮਲਾ

ਕ੍ਰੀਮੀਆ ਦੇ ਬੰਦਰਗਾਹ ਸ਼ਹਿਰ ਸੇਵਸਤੋਪੋਲ ਦੇ ਗਵਰਨਰ ਮਿਖਾਈਲ ਰਾਜਵੋਜਾਏਵ ਨੇ ਦਾਅਵਾ ਕੀਤਾ ਕਿ ਯੂਕਰੇਨੀ ਫ਼ੌਜ ਨੇ ਐਤਵਾਰ ਤੜਕੇ ਕਾਲਾ ਸਾਗਰ ਸਥਿਤ ਰੂਸ ਦੇ ਜੰਗੀ ਜਹਾਜ਼ਾਂ ਦੇ ਬੇੜੇ ’ਤੇ ਹਮਲਾ ਕੀਤਾ, ਜਿਸ ਵਿਚ ਛੇ ਲੋਕ ਜ਼ਖ਼ਮੀ ਹੋ ਗਏ। ਮਿਖਾਈਲ ਨੇ ਟੈਲੀਗ੍ਰਾਮ ਸੰਦੇਸ਼ ਵਿਚ ਕਿਹਾ ਕਿ ਡ੍ਰੋਨ ਹਮਲੇ ਵਿਚ ਜ਼ਖ਼ਮੀ ਸਾਰੇ ਜੰਗੀ ਬੇੜੇ ਦੇ ਮੈਂਬਰ ਹਨ।

ਨੇਵੀ ਦਿਵਸ ’ਤੇ ਰੂਸ ਨੇ ਅਮਰੀਕਾ ਨੂੰ ਦੱਸਿਆ ਸਭ ਤੋਂ ਵੱਡਾ ਦੁਸ਼ਮਣ

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨੇਵੀ ਦਿਵਸ ’ਤੇ ਇਕ ਨਵੇਂ ਸਿਧਾਂਤ ’ਤੇ ਦਸਤਖ਼ਤ ਕੀਤੇ ਹਨ, ਜਿਸ ਵਿਚ ਅਮਰੀਕਾ ਨੂੰ ਰੂਸ ਦੀ ਕੌਮਾਂਤਰੀ ਸਮੁੰਦਰੀ ਖਾਹਿਸ਼ (ਆਰਕਟਿਕ ਤੇ ਕਾਲਾ ਸਾਗਰ) ਦੇ ਰਸਤੇ ਵਿਚ ਸਭ ਤੋਂ ਵੱਡਾ ਰੋੜਾ ਤੇ ਦੁਸ਼ਮਣ ਦੱਸਿਆ ਗਿਆ ਹੈ। ਪੁਰਾਣੀ ਸ਼ਾਹੀ ਰਾਜਧਾਨੀ ਸੇਂਟ ਪੀਟਰਸਬਰਗ ਵਿਚ ਨੇਵੀ ਨੂੰ ਸੰਬੋਧਨ ਕਰਦੇ ਹੋਏ ਪੁਤਿਨ ਨੇ ਜਾਰ ਪੀਟਰ ਦਿ ਗ੍ਰੇਟ ਨੂੰ ਯਾਦ ਕੀਤਾ। ਪੁਤਿਨ ਨੇ ਨੇਵੀ ਨੂੰ ਮਿਸਾਲੀ ਜਿਰਕੋਨ ਕਰੂਜ਼ ਮਿਜ਼ਾਈਲ ਦੇਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਰੂਸੀ ਫ਼ੌਜ ਕਿਸੇ ਵੀ ਵੱਡੇ ਹਮਲੇ ਨੂੰ ਮਾਤ ਦੇਣ ਦੇ ਸਮਰੱਥ ਹੈ। ਇਸ ਵਿਚਾਲੇ, ਰੂਸ ਨੇ ਡੋਨੈਸਕ ਖੇਤਰ ਵਿਚ ਜੇਲ੍ਹ ’ਤੇ ਹੋਏ ਹਮਲੇ ਵਿਚ ਦਰਜਨਾਂ ਜੰਗੀ ਕੈਦੀਆਂ ਦੇ ਜਾਨੀ ਨੁਕਸਾਨ ਦੇ ਮਾਮਲੇ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਅਤੇ ਰੈੱਡਕਰਾਸ ਨੂੰ ਸੱਦਾ ਦਿੱਤਾ ਹੈ।

Posted By: Shubham Kumar