ਮਾਸਕੋ (ਏਜੰਸੀਆਂ) : ਰੂਸ 'ਚ ਪੁਤਿਨ ਵਿਰੋਧੀ ਨੇਤਾ ਅਲੈਕਸੇਈ ਨਵਲਨੀ ਨੂੰ ਹੁਣ ਸਰਕਾਰ ਜੇਲ੍ਹ ਤੋਂ ਹਸਪਤਾਲ ਲਿਆ ਕੇ ਇਲਾਜ ਕਰਵਾਏਗੀ। ਨਵਲਨੀ ਦੀ ਜੇਲ੍ਹ 'ਚ ਹਾਲਤ ਖ਼ਰਾਬ ਹੈ ਤੇ ਉਹ ਇਲਾਜ ਲਈ ਭੁੱਖ ਹੜਤਾਲ ਕਰ ਰਹੇ ਹਨ। 44 ਸਾਲ ਨਵਲਨੀ ਦੇ ਡਾਕਟਰ ਯਾਰੋਸਲਾਵ ਅਸ਼ਿਖਮਿਨ ਨੇ ਦੋ ਦਿਨ ਪਹਿਲਾਂ ਇਹ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ਤੇਜ਼ੀ ਨਾਲ ਵਿਗੜ ਰਹੀ ਹੈ, ਜੇਕਰ ਉਨ੍ਹਾਂ ਨੂੰ ਛੇਤੀ ਇਲਾਜ ਨਾ ਮਿਲਿਆ ਤਾਂ ਮੌਤ ਵੀ ਹੋ ਸਕਦੀ ਹੈ।

ਇਸ ਤੋਂ ਬਾਅਦ ਨਵਲਨੀ ਨੂੰ ਇਲਾਜ ਦਿਵਾਉਣ ਲਈ ਦੇਸ਼ ਭਰ 'ਚ ਵੱਡੇ ਪੱਧਰ 'ਤੇ ਜਨਤਾ ਨੇ ਮੁਜ਼ਾਹਰਾ ਕੀਤਾ। ਇਹ ਮੁਜ਼ਾਹਰਾ ਰੂਸ ਦੇ ਦੋਬਾਰਾ ਗਠਨ ਤੋਂ ਬਾਅਦ ਦਾ ਸਭ ਤੋਂ ਵੱਡਾ ਮੁਜ਼ਾਹਰਾ ਸੀ। ਸੂਬਾ ਜੇਲ੍ਹ ਸੇਵਾ ਨੇ ਜੇਲ੍ਹ 'ਚ ਬੰਦ ਨਵਲਨੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਣ ਦੀ ਪੁਸ਼ਟੀ ਕੀਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਨਵਲਨੀ ਦੀ ਹਾਲਤ ਤਸੱਲੀਬਖ਼ਸ਼ ਹੈ ਤੇ ਉਹ ਵਿਟਾਮਿਨ ਸਪਲੀਮੈਂਟ ਲੈਣ ਲਈ ਰਾਜ਼ੀ ਹੋ ਗਏ ਹਨ।

ਇਸ ਤੋਂ ਪਹਿਲਾਂ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ ਨਵਲਨੀ ਨੂੰ ਜੇਲ੍ਹ ਤੋਂ ਰਿਹਾਅ ਕਰਨ ਤੇ ਉਨ੍ਹਾਂ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਸੀ।ਯੂਰਪੀ ਯੂਨੀਅਨ ਦੇ ਵਿਦੇਸ਼ ਮੰਤਰੀਆਂ ਨੇ ਵੀ ਰੂਸ ਨੂੰ ਕਿਹਾ ਸੀ ਕਿ ਉਹ ਫ਼ੌਰੀ ਤੌਰ 'ਤੇ ਨਵਲਨੀ ਨੂੰ ਮੈਡੀਕਲ ਸਹੂਲਤ ਮੁਹਈਆ ਕਰਵਾਉਣ। ਚੇਤੇ ਰਹੇ ਕਿ ਨਵਲਨੀ ਨੇ ਮਾਰਚ ਦੇ ਅੰਤ 'ਚ ਇਲਾਜ ਦੀ ਮੰਗ ਕਰਦਿਆਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੀ ਪਿੱਠ ਤੇ ਪੈਰ 'ਚ ਦਰਦ ਦੀ ਗੰਭੀਰ ਸ਼ਿਕਾਇਤ ਸੀ।