ਮਾਸਕੋ (ਰਾਇਟਰ) : ਰੂਸੀ ਵਕੀਲਾਂ ਨੇ ਜਾਸੂਸੀ ਦੇ ਦੋਸ਼ ਵਿਚ ਟ੍ਰਾਇਲ ਦਾ ਸਾਹਮਣਾ ਕਰ ਰਹੇ ਸਾਬਕਾ ਅਮਰੀਕੀ ਮਰੀਨ ਪਾਲ ਵ੍ਹੇਲਨ ਲਈ ਅਧਿਕਤਮ 18 ਸਾਲਾਂ ਦੀ ਸਜ਼ਾ ਮੰਗੀ ਹੈ। ਉਨ੍ਹਾਂ ਨੂੰ ਅਮਰੀਕਾ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਦਸੰਬਰ 2018 'ਚ ਫੜਿਆ ਗਿਆ ਸੀ। ਉਨ੍ਹਾਂ ਆਪਣੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

50 ਸਾਲਾਂ ਦੇ ਵ੍ਹੇਲਨ ਦੇ ਵਕੀਲ ਵਲਾਦੀਮੀਰ ਜੈਰੇਬੈਂਕੋਵ ਨੇ ਸੋਮਵਾਰ ਨੂੰ ਸੁਣਵਾਈ ਪੂਰੀ ਹੋਣ ਪਿੱਛੋਂ ਦੱਸਿਆ ਕਿ 23 ਮਾਰਚ ਤੋਂ ਸ਼ੁਰੂ ਹੋਏ ਮੇਰੇ ਮੁਅੱਕਲ ਦਾ ਟ੍ਰਾਇਲ ਆਮ ਲੋਕਾਂ ਲਈ ਖੁੱਲ੍ਹਾ ਨਹੀਂ ਹੈ ਕਿਉਂਕਿ ਇਹ ਗੁਪਤ ਸੂਚਨਾਵਾਂ ਨਾਲ ਜੁੜਿਆ ਮਾਮਲਾ ਹੈ। ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ 15 ਜੂਨ ਨੂੰ ਆਪਣਾ ਫ਼ੈਸਲਾ ਸੁਣਾਏਗੀ। ਅਮਰੀਕੀ ਅਧਿਕਾਰੀਆਂ ਨੇ ਵ੍ਹੇਲਨ 'ਤੇ ਲੱਗੇ ਦੋਸ਼ਾਂ ਨੂੰ ਫ਼ਰਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਰੂਸ ਤੋਂ ਉਨ੍ਹਾਂ ਨੂੰ ਰਿਹਾਅ ਕਰਨ ਦੀ ਅਪੀਲ ਵੀ ਕੀਤੀ ਹੈ ਜਦਕਿ ਅਦਾਲਤ 'ਚ ਪੇਸ਼ੀ ਦੌਰਾਨ ਵ੍ਹੇਲਨ ਨੇ ਕਈ ਵਾਰ ਦੋਸ਼ ਲਗਾਇਆ ਕਿ ਉਨ੍ਹਾਂ ਨਾਲ ਬੁਰਾ ਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਡਾਕਟਰੀ ਸਹੂਲਤ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਇਸ 'ਤੇ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਉਹ ਧਿਆਨ ਖਿੱਚਣ ਲਈ ਝੂਠੀਆਂ ਸ਼ਿਕਾਇਤਾਂ ਕਰਦੇ ਹਨ।