ਮਾਸਕੋ, ਰਾਇਟਰੋ : ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਖ਼ਤੀ ਦਾ ਦੌਰ ਜਾਰੀ ਹੈ। ਦੁਨੀਆਭਰ 'ਚ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸਕਿਓਰਟੀ ਸਬੰਧੀ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ। ਭਾਰਤ 'ਚ ਹਾਲ ਹੀ 'ਚ ਭਾਰਤ ਸਰਕਾਰ ਤੇ Twitter ਨਾਲ ਟਕਰਾਅ ਪੈਦਾ ਹੋਇਆ ਸੀ। ਭਾਰਤ ਤੋਂ ਬਾਅਦ ਹੁਣ ਰੂਸ 'ਚ ਸੋਸ਼ਲ ਮੀਡੀਆ ਪਲੇਟਫਾਰਮ Facebook, Twitter ਤੇ Telegram 'ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਰੂਸ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਨਾਜਾਇਜ਼ ਸਮੱਗਰੀ ਨਾ ਹਟਾਉਣ 'ਤੇ ਅਮਰੀਕੀ ਮੀਡੀਆ ਕੰਪਨੀਆਂ ਫੇਸਬੁੱਕ ਤੇ ਟਵਿੱਟਰ ਅਤੇ ਮੈਸੇਜਿੰਗ ਐਪ ਟੈਲੀਗ੍ਰਾਮ 'ਤੇ ਜੁਰਮਾਨਾ ਲਗਾਇਆ ਹੈ।

ਜਾਣੋ ਕਿਸ 'ਤੇ ਲੱਗਾ ਕਿੰਨਾ ਜੁਰਮਾਨਾ

ਟੈਗਾਂਸਕੀ ਜ਼ਿਲ੍ਹਾ ਅਦਾਲਤ ਨੇ ਦੱਸਿਆ ਕਿ ਫੇਸਬੁੱਕ 'ਤੇ ਪੰਜ ਮਾਮਲਿਆਂ 'ਚ ਕੁੱਲ 2.1 ਕਰੋੜ ਰੂਬਲ (ਕਰੀਬ 2.12 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ, ਜਦਕਿ ਟਵਿੱਟਰ ਨੂੰ ਦੋ ਮਾਮਲਿਆਂ 'ਚ ਕੁੱਲ 50 ਲੱਖ ਰੂਬਲ (ਕਰੀਬ 50.49 ਲੱਖ ਰੁਪਏ) ਦਾ ਜੁਰਮਾਨਾ ਅਦਾ ਕਰਨਾ ਪਵੇਗਾ। ਕੋਰਟ ਨੇ ਮੈਸੇਜਿੰਗ ਐਪ ਟੈਲੀਗ੍ਰਾਮ 'ਤੇ ਵੀ 90 ਲੱਖ ਰੂਬਲ (ਕਰੀਬ 90.88 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਇਸ ਮਾਮਲੇ 'ਚ ਫੇਸਬੁੱਕ, ਟਵਿੱਟਰ ਤੇ ਟੈਲੀਗ੍ਰਾਮ ਨੇ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਰੂਸ ਨੇ ਇੰਟਰਨੈੱਟ 'ਤੇ ਕੰਟਰੋਲ ਦੀ ਦਿਸ਼ਾ 'ਚ ਸਖ਼ਤ ਕਦਮ ਉਠਾਉਂਦੇ ਹੋਏ ਵਿਦੇਸ਼ੀ ਇੰਟਰਨੈੱਟ ਕੰਪਨੀਆਂ ਲਈ ਆਪਣੇ ਦੇਸ਼ ਵਿਚ ਫੁੱਲ ਟਾਈਮ ਦਫ਼ਤਰ ਖੋਲ੍ਹਣਾ ਲਾਜ਼ਮੀ ਕਰ ਦਿੱਤਾ ਹੈ। ਕੰਪਨੀਆਂ ਨੂੰ ਉਨ੍ਹਾਂ ਦੇ ਖੇਤਰ 'ਚ ਹੀ ਰੂਸੀ ਨਾਗਰਿਕਾਂ ਨਾਲ ਸੰਬੰਧਤ ਡਾਟਾ ਦਾ ਸੰਗ੍ਰਹਿ ਕਰਨਾ ਪਵੇਗਾ।

Posted By: Seema Anand