ਮਾਸਕੋ (ਏਐੱਫਪੀ) : ਰੂਸ ਨੇ ਆਰਕਟਿਕ ਮਹਾਸਾਗਰ ਖੇਤਰ 'ਚ ਆਪਣੀ ਫ਼ੌਜੀ ਮੌਜੂਦਗੀ ਮਜ਼ਬੂਤ ਕਰਨ ਦੀ ਦਿਸ਼ਾ 'ਚ ਇਕ ਹੋਰ ਕਦਮ ਵਧਾਇਆ ਹੈ। ਰੂਸ ਨੇ ਇੱਥੇ ਨੋਵਾਇਆ ਜੇਮਲੀਆ ਟਾਪੂ ਸਮੂਹ 'ਚ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਤਾਇਨਾਤ ਕੀਤੀ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਟਾਪੂ ਸਮੂਹ ਦੇ ਯੂਜਨੀ ਟਾਪੂ 'ਤੇ ਤਾਇਨਾਤ ਹਵਾਈ ਫ਼ੌਜ ਦੇ ਉੱਤਰੀ ਬੇੜੇ ਦੇ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਰੈਜੀਮੈਂਟ 'ਚ ਨਵੀਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਸ਼ਾਮਲ ਕੀਤਾ ਗਿਆ ਹੈ। ਪਹਿਲਾਂ ਇਸ ਰੈਜੀਮੈਂਟ 'ਚ ਐੱਸ-300 ਮਿਜ਼ਾਈਲ ਰੱਖਿਆ ਪ੍ਰਣਾਲੀ ਤਾਇਨਾਤ ਸੀ। ਇਹ ਐੱਸ-400 ਦਾ ਪਿਛਲਾ ਐਡੀਸ਼ਨ ਹੈ। ਐੱਸ-400 ਦੁਨੀਆ ਦੀ ਸਭ ਤੋਂ ਉੱਨਤ ਮਿਜ਼ਾਈਲ ਰੱਖਿਆ ਪ੍ਰਣਾਲੀ ਹੈ। ਇਹ 400 ਕਿਲੋਮੀਟਰ ਦੂਰ ਤੋਂ ਹੀ ਟੀਚੇ 'ਤੇ ਨਿਸ਼ਾਨਾ ਲਾ ਸਕਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਰੂਸ ਨੇ ਆਰਕਟਿਕ 'ਚ ਆਪਣੀ ਫ਼ੌਜੀ ਮੌਜੂਦਗੀ ਨੂੰ ਜ਼ਿਕਰਯੋਗ ਰੂਪ ਨਾਲ ਮਜ਼ਬੂਤ ਕੀਤਾ ਹੈ। ਨੋਵਾਇਆ ਜੇਮਲੀਆ ਤੋਂ ਇਲਾਵਾ ਰੂਸ ਨੇ ਫ੍ਰੇਂਜ ਜੋਸੇਫ ਟਾਪੂ, ਨਿਊ ਸਾਈਬੇਰੀਆ ਟਾਪੂ ਸਮੂਹ ਤੇ ਕਈ ਹੋਰਨਾਂ ਥਾਵਾਂ 'ਤੇ ਫ਼ੌਜੀ ਟੁਕੜੀਆਂ ਤਾਇਨਾਤ ਕੀਤੀਆਂ ਹਨ। ਰੂਸ ਖ਼ੁਦ ਨੂੰ ਇਕ ਆਰਕਟਿਕ ਦੇਸ਼ ਦੱਸਦਾ ਹੈ। ਖਣਿਜਾਂ ਦੀ ਭਰਪੂਰਤਾ ਤੇ ਰਣਨੀਤਕ ਅਹਿਮੀਅਤ ਨੂੰ ਵੇਖਦਿਆਂ ਰੂਸ ਇਸ ਖੇਤਰ 'ਤੇ ਦਾਅਵਾ ਕਰਦਾ ਰਿਹਾ ਹੈ। ਹਾਲੀਆ ਹੀ 'ਚ ਰੂਸ ਨੇ ਆਰਕਟਿਕ 'ਚ ਇਕ ਤੈਰਦਾ ਹੋਇਆ ਪਰਮਾਣੂ ਪਲਾਂਟ ਵੀ ਸਥਾਪਤ ਕੀਤਾ ਹੈ। ਗ੍ਰੀਨਪੀਸ ਸਮੇਤ ਵਾਤਾਵਰਨ ਸਰਪ੍ਰਸਤੀ ਦੀ ਦਿਸ਼ਾ 'ਚ ਕੰਮ ਕਰਦੀਆਂ ਕਈ ਏਜੰਸੀਆਂ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ।