ਕਮਲਜੀਤ ਬੁੱਟਰ, ਕੈਲਗਰੀ : ਕੈਲਗਰੀ ਨੌਰਥ ਈਸਟ 'ਚ ਜਾਅਲੀ ਵੋਟਿੰਗ ਦਾ ਮਾਮਲਾ ਚੋਣ ਕਮਿਸ਼ਨ ਕੋਲ ਪੁੱਜਾ, ਜਿਸ 'ਤੇ ਜਾਂਚ ਪੜਤਾਲ ਤੋਂ ਬਾਅਦ ਮੁੜ ਨਾਮਜ਼ਦਗੀ ਕਰਵਾਉਣ ਦੇ ਹਾਲਾਤ ਬਣ ਸਕਦੇ ਹਨ।

ਨੌਰਥ ਈਸਟ ਹਲਕੇ 'ਚ ਬੀਤੀ 16 ਦਸੰਬਰ ਨੂੰ ਨੈਸ਼ਨਲ ਡੈਮੋਕਰੇਟਿਕ ਪਾਰਟੀ (ਐੱਨਡੀਪੀ) ਨੇ ਆਪਣੇ ਵਿਧਾਇਕ ਉਮੀਦਵਾਰ ਲਈ ਨਾਮਜ਼ਦਗੀ ਕਰਵਾਈ ਸੀ ਜਿਸ 'ਚ ਪੰਜਾਬੀ ਮੂਲ ਦੇ ਦੋ ਉਮੀਦਵਾਰ ਗੁਰਬਚਨ ਬਰਾੜ ਤੇ ਰੂਪ ਰਾਏ ਮੈਦਾਨ 'ਚ ਸਨ। ਗੁਰਬਚਨ ਬਰਾੜ ਨੇ ਇਹ ਨਾਮਜ਼ਦਗੀ 178 ਵੋਟਾਂ ਦੇ ਫ਼ਰਕ ਨਾਲ ਜਿੱਤ ਲਈ ਸੀ। ਨਾਮਜ਼ਦਗੀ ਦੌਰਾਨ ਕੁੱਝ ਘਟਨਾਵਾਂ ਅਜਿਹੀਆਂ ਹੋਈਆਂ ਜਿਨ੍ਹਾਂ ਨੂੰ ਦੇਖਦਿਆਂ ਰੂਪ ਰਾਏ ਵੱਲੋਂ ਪਾਰਟੀ ਹਾਈਕਮਾਂਡ ਨੂੰ ਈਮੇਲ ਕੀਤੀ ਗਈ ਕਿ ਬਰਾੜ ਧਿਰ ਦੇ ਵਲੰਟੀਅਰ ਜਾਅਲੀ ਵੋਟਿੰਗ ਕਰਵਾ ਰਹੇ ਹਨ ਪਰ ਪਾਰਟੀ ਨੇ ਉਸ ਸਮੇਂ ਗੱਲ ਨੂੰ ਅੱਖੋਂ-ਪਰੋਖੇ ਕਰ ਦਿੱਤਾ। ਹੁਣ ਇਸ ਮਾਮਲੇ ਨੂੰ ਮੁੜ ਇੰਦਰਪ੍ਰੀਤ ਸਿੰਘ ਗਿੱਲ ਨੇ ਚੁੱਕਿਆ ਜੋ ਪਾਰਟੀ ਵਲੰਟੀਅਰ ਤੇ ਰੂਪ ਰਾਏ ਦੇ ਚੋਣ ਕੰਪੇਨਰ ਵੀ ਸਨ। ਉਨ੍ਹਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ। ਇਸ ਸਾਰੇ ਮਾਮਲੇ ਬਾਰੇ ਜਦੋਂ ਨਾਮਜ਼ਦਗੀ ਜੇਤੂ ਗੁਰਬਚਨ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਫਿਲਹਾਲ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ।

ਬਰਾੜ ਨੇ ਨਿਰਪੱਖ ਚੋਣ ਪ੍ਰਣਾਲੀ ਦਾ ਘਾਣ ਕੀਤਾ : ਰੂਪ ਰਾਏ

ਗੱਲਬਾਤ ਦੌਰਾਨ ਰੂਪ ਰਾਏ ਨੇ ਕਿਹਾ ਕਿ ਗੁਰਬਚਨ ਬਰਾੜ ਨੇ ਨਿਰਪੱਖ ਨਾਮਜ਼ਦਗੀ ਪ੍ਰਣਾਲੀ ਦਾ ਘਾਣ ਕੀਤਾ ਤੇ ਜਾਅਲੀ ਵੋਟਾਂ ਸਹਾਰੇ ਜਿੱਤ ਪ੍ਰਪਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੇ ਵੀ ਜਾਅਲੀ ਵੋਟਾਂ ਪਾਈਆਂ ਜੋ ਨੌਰਥ ਸਿਟੀ ਇਲਾਕੇ 'ਚ ਕਦੇ ਰਹੇ ਹੀ ਨਹੀਂ। ਉਨ੍ਹਾਂ ਨੂੰ ਜਾਅਲੀ ਵੋਟਾਂ ਬਾਰੇ ਪੰਜ ਦਿਨ ਪਹਿਲਾਂ ਵੋਟਰ ਸੂਚੀ ਤੋਂ ਪਤਾ ਲੱਗ ਗਿਆ ਸੀ ਜਿਸ ਬਾਰੇ ਉਨ੍ਹਾਂ ਪਾਰਟੀ ਨੂੰ ਪੰਜ ਵਾਰ ਈਮੇਲ ਕਰਕੇ ਜਾਣੂੰ ਕਰਵਾਇਆ। ਨਾਮਜ਼ਦਗੀ ਦੌਰਾਨ ਵੀ ਸਾਡੀ ਟੀਮ ਟੀਮ ਨੇ ਦੋ ਅਜਿਹੇ ਵਿਅਕਤੀ ਫੜ ਕੇ ਪੁਲਿਸ ਹਵਾਲੇ ਕੀਤੇ ਗਏ ਜੋ ਜਾਅਲੀ ਵੋਟਿੰਗ ਕਰਨ ਪੁੱਜੇ ਸਨ ਜਿਸ ਤੋਂ ਬਾਅਦ ਵੀ ਪਾਰਟੀ ਨੇ ਕੋਈ ਕਾਰਵਾਈ ਨਹੀਂ ਕੀਤੀ।

--

ਕੀ ਕਹਿਣਾ ਹੈ ਚੋਣ ਕਮਿਸ਼ਨ ਦਾ

ਚੋਣ ਕਮਿਸ਼ਨ ਨੇ ਕਿਹਾ ਕਿ ਸਾਨੂੰ ਇੰਦਰਪ੍ਰੀਤ ਸਿੰਘ ਗਿੱਲ ਵੱਲੋਂ ਦਿੱਤੀ ਗਈ ਸ਼ਿਕਾਇਤ ਮਿਲ ਗਈ ਹੈ, ਜਿਸ 'ਤੇ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ ਇਸ ਬਾਰੇ ਅਸੀਂ ਫਿਲਹਾਲ ਕੋਈ ਫ਼ੈਸਲਾ ਨਹੀਂ ਲਿਆ ਹੈ।

--

ਵੋਟ ਪਾਉਣ ਲਈ ਕਿਹੜੇ ਦਸਤਾਵੇਜ਼ ਲੋੜੀਂਦੇ

ਦਸਤਾਵੇਜ਼ਾਂ ਦੇ ਸੰਬੰਧ 'ਚ ਐੱਨਡੀਪੀ ਅਲਬਰਟਾ ਦੀ ਸਕੱਤਰ ਰੇਅਰੀ ਰਿਚਰਡਸਨ ਨੇ ਕਿਹਾ ਕਿ ਸੂਬੇ ਦੇ ਨਿਯਮਾਂ ਮੁਤਾਬਕ ਤੁਹਾਨੂੰ ਵੋਟ ਪਾਉਣ ਲਈ ਦੋ ਸਰਕਾਰੀ ਪਛਾਣ ਪੱਤਰ ਚਾਹੀਂਦੇ ਹਨ ਜਿਸ 'ਚ ਫੋਟੋ ਵਾਲਾ ਜਿਵੇਂ ਡਰਾਈਵਿੰਗ ਲਾਇਸੰਸ ਤੇ ਇਕ ਹੋਰ ਪਛਾਣ ਪੱਤਰ ਜਾਂ ਘਰ ਦਾ ਪਤਾ ਤੇ ਨਾਂ ਦਾ ਪਛਾਣ ਪੱਤਰ, ਜਾਂ ਬੈਂਕ ਸਟੇਟਮੈਂਟ ਤੇ ਪ੫ਾਪਰਟੀ ਟੈਕਸ ਦੀ ਰਿਪੋਰਟ।