ਕਾਬੁਲ (ਏਐੱਫਪੀ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕੇਂਦਰੀ ਇਲਾਕੇ ਵਿਚ ਰੋਬੋਟ ਵੈਟਰਸ ਆਪਣੀਆਂ ਸੇਵਾਵਾਂ ਦੇ ਰਹੀ ਹੈ। ਉਹ ਫਰੈਂਚ ਫਰਾਈਜ਼ ਪਲੇਟ 'ਚ ਸਜਾ ਕੇ ਖ਼ੂਬਸੂਰਤ ਢੰਗ ਨਾਲ ਪੇਸ਼ ਕਰਦੀ ਹੈ।

ਆਪਣੇ ਗਾਹਕਾਂ ਨੂੰ ਅਫ਼ਗਾਨਿਸਤਾਨ ਦੀ ਭਾਸ਼ਾ ਦਾਰੀ 'ਚ ਉਹ 'ਥੈਂਕ ਯੂ ਵੈਰੀ ਮੱਚ' ਕਹਿੰਦੀ ਹੈ। ਰੈਸਤਰਾਂ ਦੇ ਮੈਨੇਜਰ ਮੁਹੰਮਦ ਰਫੀ ਨੇ ਦੱਸਿਆ ਇਹ ਰੋਬੋਟ ਜਾਪਾਨ ਤੋਂ ਖ਼ਰੀਦ ਕੇ ਲਿਆਉਂਦੀ ਗਈ ਹੈ ਤੇ ਇਸ ਨੂੰ ਸਥਾਨਕ ਰਵਾਇਤੀ ਲਿਬਾਸ ਤੇ ਹਿਜਾਬ ਨਾਲ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਤੋਂ ਇਸ ਦੀ ਸੇਵਾ ਸ਼ੁਰੂ ਹੋਣ ਪਿੱਛੋਂ ਗਾਹਕਾਂ ਵਿਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਰੋਬੋਟ ਨੂੰ ਕੰਮ ਕਰਦੇ ਵੇਖ ਕੇ ਹੈਰਾਨ ਹੁੰਦੇ ਹਨ। ਖ਼ਾਸ ਕਰ ਕੇ ਬੱਚੇ ਤਾਂ ਉਛਲ ਕੇ ਖ਼ੁਸ਼ੀ ਪ੍ਰਗਟ ਕਰਦੇ ਹਨ। ਉਨ੍ਹਾਂ ਦੱਸਿਆ ਕਿ ਚੀਨ ਅਤੇ ਜਾਪਾਨ ਵਿਚ ਰੋਬੋਟ ਦੀ ਵਰਤੋਂ ਆਮ ਹੋ ਰਹੀ ਹੈ ਪ੍ਰੰਤੂ ਅਫ਼ਗਾਨਿਸਤਾਨ ਵਿਚ ਇਹ ਪਹਿਲੀ ਵਾਰ ਹੈ ਜਦੋਂ ਰੋਬੋਟ ਦੀ ਰੈਸਤਰਾਂ ਵਿਚ ਵਰਤੋਂ ਕੀਤੀ ਜਾ ਰਹੀ ਹੈ।

ਮੈਨੇਜਰ ਰਫੀ ਨੇ ਕਿਹਾ ਕਿ ਦਹਾਕਿਆਂ ਤੋਂ ਚੱਲ ਰਹੀ ਖਾਨਾਜੰਗੀ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ। ਕਾਬੁਲ 'ਚ ਇਸ ਰੋਬੋਟ ਨੇ ਲੋਕਾਂ ਨੂੰ ਕੁਝ ਹਲਕਾ ਪਲ ਬਤੀਤ ਕਰਨ ਦਾ ਮੌਕਾ ਦਿੱਤਾ ਹੈ। 9 ਸਾਲਾ ਅਹਿਮਦ ਜ਼ਕੀ ਇਸ ਰੋਬੋਟ ਮਸ਼ੀਨ ਨੂੰ ਵੇਖ ਕੇ ਹੈਰਾਨ ਰਹਿ ਗਿਆ। ਉਸ ਨੇ ਦੱਸਿਆ ਕਿ ਉਸ ਨੇ ਰੋਬੋਟ ਨੂੰ ਟੀਵੀ 'ਤੇ ਦੇਖਿਆ ਸੀ ਪ੍ਰੰਤੂ ਅਸਲ ਜ਼ਿੰਦਗੀ 'ਚ ਪਹਿਲੀ ਵਾਰ ਵੇਖ ਰਿਹਾ ਹਾਂ। 'ਟਾਈਮੀਆ' ਨਾਮਕ ਇਹ ਰੋਬੋਟ ਪੰਜ ਫੁੱਟ ਉੱਚੀ ਹੈ। ਇਹ ਟੇਬਲਾਂ 'ਤੇ ਪਲੇਟਾਂ ਤੇ ਸਾਮਾਨ ਰੱਖਦੀ ਹੈ ਤੇ ਇਨ੍ਹਾਂ ਨੂੰ ਚੁੱਕਦੇ ਸਮੇਂ 'ਹੈਪੀ ਬਰਥਡੇ' ਵਰਗੇ ਲਫਜ਼ ਦੀ ਵਰਤੋਂ ਕਰਦੀ ਹੈ। ਕੋਈ ਰੁਕਾਵਟ ਪੈਣ 'ਤੇ ਇਹ ਰੁੱਕ ਜਾਂਦੀ ਹੈ ਤੇ ਗਾਹਕ ਟੱਚ ਪੈਨਲ ਰਾਹੀਂ ਆਰਡਰ ਦੇ ਸਕਦੇ ਹਨ। ਕੁਝ ਅਫ਼ਗਾਨ ਨਾਗਰਿਕ ਇਸ ਨੂੰ ਬੇਰੁਜ਼ਗਾਰੀ ਵਧਾਉਣ ਵਾਲੀ ਦੱਸਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਹਜ਼ਾਰਾਂ ਲੋਕ ਬੇਰੁਜ਼ਗਾਰ ਹਨ ਤੇ ਇਸ ਤਰ੍ਹਾਂ ਦੇ ਰੋਬੋਟ ਦੀ ਵਰਤੋਂ ਨਾਲ ਬੇਰੁਜ਼ਗਾਰੀ 'ਚ ਹੋਰ ਵਾਧਾ ਹੋਵੇਗਾ।