ਕਾਠਮੰਡੂ (ਪੀਟੀਆਈ) : ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਭਾਰਤੀ ਖ਼ੁਫ਼ੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਮੁਖੀ ਸਾਮੰਤ ਕੁਮਾਰ ਗੋਇਲ ਨਾਲ ਮੀਟਿੰਗ ਵਿਵਾਦਾਂ ਵਿਚ ਘਿਰ ਗਈ ਹੈ। ਵਿਰੋਧੀ ਧਿਰ ਹੀ ਨਹੀਂ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਕਈ ਨੇਤਾਵਾਂ ਨੇ ਇਸ ਨੂੰ ਕੂਟਨੀਤੀ ਦੇ ਨਿਰਧਾਰਤ ਮਾਪਦੰਡਾਂ ਖ਼ਿਲਾਫ਼ ਦੱਸਿਆ ਹੈ। ਗੋਇਲ ਨੇ ਬੁੱਧਵਾਰ ਸ਼ਾਮ ਨੂੰ ਓਲੀ ਨਾਲ ਬਾਲੂਵਾਟਰ ਸਥਿਤ ਉਨ੍ਹਾਂ ਦੇ ਅਧਿਕਾਰਤ ਨਿਵਾਸ ਵਿਚ ਮੁਲਾਕਾਤ ਕੀਤੀ ਸੀ।

ਭਾਰਤ ਅਤੇ ਨੇਪਾਲ ਵਿਚਕਾਰ ਚੱਲ ਰਹੇ ਸਰਹੱਦੀ ਵਿਵਾਦ ਵਿਚਕਾਰ ਬੁੱਧਵਾਰ ਨੂੰ ਭਾਰਤ ਦੀ ਵਿਦੇਸ਼ੀ ਮਾਮਲਿਆਂ ਦੀ ਖ਼ੁਫ਼ੀਆ ਏਜੰਸੀ ਰਾਅ ਦੇ ਮੁਖੀ ਦਾ ਕਾਠਮੰਡੂ ਦੌਰਾ ਹੋਇਆ। ਇਸ ਦੌਰੇ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਓਲੀ ਨਾਲ ਦੋ-ਪੱਖੀ ਮਸਲਿਆਂ 'ਤੇ ਗੱਲ ਕੀਤੀ। ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਪ੍ਰਚੰਡ, ਮਾਧਵ ਕੁਮਾਰ ਨੇਪਾਲ ਅਤੇ ਸ਼ੇਰ ਬਹਾਦੁਰ ਦੇਓਬਾ ਨਾਲ ਵੀ ਮੁਲਾਕਾਤ ਕੀਤੀ ਪ੍ਰੰਤੂ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਭੀਮ ਰਾਵਲ ਨੇ ਓਲੀ ਅਤੇ ਗੋਇਲ ਦੀ ਮੀਟਿੰਗ ਨੂੰ ਲੈ ਕੇ ਕਿਹਾ ਕਿ ਵਿਦੇਸ਼ ਮੰਤਰਾਲੇ ਦੀ ਜਾਣਕਾਰੀ ਵਿਚ ਲਿਆਉਂਦੇ ਬਿਨਾਂ ਇਹ ਮੀਟਿੰਗ ਅਪਾਰਦਰਸ਼ੀ ਤਰੀਕੇ ਨਾਲ ਹੋਈ। ਇਨ੍ਹਾਂ ਵਿਚ ਕਿਨ੍ਹਾਂ ਮੁੱਦਿਆਂ 'ਤੇ ਚਰਚਾ ਹੋਈ, ਇਹ ਸਪੱਸ਼ਟ ਨਹੀਂ ਹੈ। ਇਹ ਸਾਡੀ ਸ਼ਾਸਨ ਵਿਵਸਥਾ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਸੱਤਾਧਾਰੀ ਪਾਰਟੀ ਦੀ ਵਿਦੇਸ਼ੀ ਮਾਮਲਿਆਂ ਦੀ ਬਰਾਂਚ ਦੇ ਉਪ ਮੁਖੀ ਵਿਸ਼ਣੂ ਰੀਜਲ ਨੇ ਕਿਹਾ ਹੈ ਕਿ ਸਿਆਸੀ ਲੋਕਾਂ ਨੂੰ ਕੂਟਨੀਤੀ ਦੇ ਮਸਲਿਆਂ ਵਿਚ ਅੱਗੇ ਵੱਧ ਕੇ ਕੰਮ ਨਹੀਂ ਕਰਨਾ ਚਾਹੀਦਾ।

ਕੂਟਨੀਤਕ ਮਾਮਲਿਆਂ ਨੂੰ ਡਿਪਲੈਮੈਟਾਂ ਦੇ ਜ਼ਿੰਮੇ ਹੀ ਰੱਖਣਾ ਚਾਹੀਦਾ ਹੈ। ਰਾਅ ਮੁਖੀ ਦੇ ਦੌਰੇ ਵਿਚ ਜਿਸ ਤਰ੍ਹਾਂ ਨਾਲ ਸਿਆਸੀ ਲੋਕਾਂ ਨੇ ਕੂਟਨੀਤਕ ਕੰਮ ਕੀਤੇ, ਉਸ ਨਾਲ ਭਰਮ ਪੈਦਾ ਹੋਇਆ ਹੈ। ਨੇਪਾਲੀ ਕਾਂਗਰਸ ਦੇ ਆਗੂ ਗਗਨ ਥਾਪਾ ਨੇ ਵੀ ਮੀਟਿੰਗ ਦੇ ਤਰੀਕੇ ਨੂੰ ਲੈ ਕੇ ਵਿਰੋਧ ਪ੍ਰਗਟਾਇਆ ਹੈ ਅਤੇ ਟਵੀਟ ਕਰ ਕੇ ਕਿਹਾ ਕਿ ਓਲੀ ਅਤੇ ਗੋਇਲ ਦੀ ਮੀਟਿੰਗ ਨਾਲ ਨਾ ਕੇਵਲ ਕੂਟਨੀਤਕ ਮਾਪਦੰਡਾਂ ਦਾ ਉਲੰਘਣ ਹੋਇਆ ਸਗੋਂ ਇਹ ਸਾਡੀ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰਨਾਕ ਸੀ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪ੍ਰੰਤੂ ਤਿੰਨਾਂ ਸਾਬਕਾ ਪ੍ਰਧਾਨ ਮੰਤਰੀਆਂ ਨੇ ਮੀਟਿੰਗ ਨੂੰ ਲੈ ਕੇ ਇਸ ਤਰ੍ਹਾਂ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਮੀਟਿੰਗ ਨੂੰ ਲੈ ਕੇ ਭਰਮ ਅਤੇ ਗ਼ਲਤ ਗੱਲਾਂ ਫੈਲਾਈਆਂ ਜਾਣ ਦੀ ਲੋੜ ਨਹੀਂ ਹੈ।