ਤਹਿਰਾਨ (ਏਪੀ) : ਈਰਾਨ ਦੀ ਪਾਰਲੀਮੈਂਟ ਨੇ ਵੀਰਵਾਰ ਨੂੰ ਵੋਟਾਂ ਪਾ ਕੇ ਤਹਿਰਾਨ ਦੇ ਸਾਬਕਾ ਮੇਅਰ ਨੂੰ ਪਾਰਲੀਮੈਂਟ ਦਾ ਸਪੀਕਰ ਚੁਣ ਲਿਆ। ਈਰਾਨ ਦੇ ਸਰਕਾਰੀ ਟੀਵੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹੰਮਦ ਬਾਘਰ ਕਾਲੀਬਫ ਨੂੰ ਪਾਰਲੀਮੈਂਟ ਦੇ ਇਜਲਾਸ ਦੌਰਾਨ ਸਪੀਕਰ ਚੁਣ ਲਿਆ ਗਿਆ। 290 ਮੈਂਬਰੀ ਪਾਰਲੀਮੈਂਟ ਵਿਚ ਮੌਜੂਦ 264 ਮੈਂਬਰਾਂ ਵਿਚੋਂ 230 ਨੇ ਕਾਲੀਬਫ ਦੇ ਹੱਕ ਵਿਚ ਵੋਟ ਪਾਈ। 2017 ਦੀ ਰਾਸ਼ਟਰਪਤੀ ਚੋਣ ਸਮੇਂ ਕਾਲੀਬਫ ਰਾਸ਼ਟਰਪਤੀ ਹਸਨ ਰੂਹਾਨੀ ਦੇ ਮੁੱਖ ਵਿਰੋਧੀ ਉਮੀਦਵਾਰ ਸਨ। 1980 ਦੀ ਇਰਾਕ ਨਾਲ ਖ਼ੂਨੀ ਜੰਗ ਦੌਰਾਨ ਕਾਲੀਬਫ ਨੇ ਈਰਾਨ ਰਿਵੋਲੂਸ਼ਨਰੀ ਗਾਰਡਜ਼ 'ਚ ਸੇਵਾ ਨਿਭਾਈ ਸੀ। ਤਹਿਰਾਨ ਦੇ ਮੇਅਰ ਦੇ ਅਹੁਦੇ 'ਤੇ ਹੁੰਦਿਆਂ ਕਾਲੀਬਫ ਨੇ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਤਹਿਰਾਨ ਵਿਚ ਬਹੁਤ ਸਾਰੇ ਸੁਧਾਰ ਕੀਤੇ। ਕਾਲੀਬਫ (58) ਅਲੀ ਲੰਜਾਨੀ ਦੀ ਥਾਂ ਲੈਣਗੇ ਜੋ 2008 ਤੋਂ ਇਸ ਸਾਲ ਮਈ ਤਕ ਪਾਰਲੀਮੈਂਟ ਦੇ ਸਪੀਕਰ ਰਹੇ।