ਯੰਗੂਨ (ਏਜੰਸੀਆਂ) : ਮਿਆਂਮਾਰ 'ਚ ਫ਼ੌਜੀ ਤਖ਼ਤਾਪਲਟ ਖ਼ਿਲਾਫ਼ ਵਿਰੋਧ ਮੁਜ਼ਾਹਰਿਆਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਕੜੀ 'ਚ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ 'ਚ ਮੰਗਲਵਾਰ ਨੂੰ ਫਿਰ ਵੱਡੀ ਗਿਣਤੀ 'ਚ ਮੁਜ਼ਾਹਰਾਕਾਰੀ ਸੜਕਾਂ 'ਤੇ ਉਤਰੇ ਤੇ ਫ਼ੌਜੀ ਸ਼ਾਸਨ ਖ਼ਤਮ ਕਰਨ ਤੋਂ ਇਲਾਵਾ ਅਹੁਦੇ ਤੋਂ ਲਾਹੇ ਗਏ ਸਰਬਉੱਚ ਨੇਤਾ ਆਂਗ ਸਾਨ ਸੂ ਕੀ ਸਮੇਤ ਦੂਜੇ ਨੇਤਾਵਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।

ਯੰਗੂਨ 'ਚ ਮੁੱਖ ਮੁਜ਼ਾਹਰਾਕਾਰੀ ਸਥਾਨ 'ਤੇ ਸਵੇਰ ਸਮੇਂ ਵੱਡੀ ਗਿਣਤੀ 'ਚ ਮੁਜ਼ਾਹਰਾਕਾਰੀ ਜਮ੍ਹਾਂ ਹੋਏ। ਹਾਲਾਂਕਿ ਸੋਮਵਾਰ ਦੇ ਮੁਕਾਬਲੇ ਇਨ੍ਹਾਂ ਦੀ ਗਿਣਤੀ ਘੱਟ ਸੀ। ਏਧਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ 'ਚ ਪੁਲਿਸ ਦੀ ਫਾਇਰਿੰਗ 'ਚ ਜਾਨ ਗਵਾਉਣ ਵਾਲੇ 37 ਸਾਲਾ ਨੈਂਗ ਵਿੰਗ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸ਼ਹਿਰ 'ਚ ਸ਼ਨਿਚਰਵਾਰ ਨੂੰ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਭਜਾਉਣ ਲਈ ਫਾਇਰਿੰਗ ਕੀਤੀ ਸੀ। ਇਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਤੇ 20 ਹੋਰ ਜ਼ਖ਼ਮੀ ਹੋ ਗਏ ਸਨ। ਮਿਆਂਮਾਰ ਦੀ ਫ਼ੌਜ ਬੀਤੀ ਇਕ ਫਰਵਰੀ ਨੂੰ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨਐੱਲਡੀ) ਦੀ ਸਰਕਾਰ ਨੂੰ ਹਟਾ ਕੇ ਸੱਤਾ 'ਤੇ ਕਾਬਜ਼ ਹੋ ਗਈ। ਦੇਸ਼ ਦੀ ਸਰਬਉੱਚ ਨੇਤਾ ਆਂਗ ਸਾਨ ਸੂ ਕੀ ਸਮੇਤ ਕਈ ਸਿਖਰਲੇ ਨੇਤਾਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਸ ਤੋਂ ਬਾਅਦ ਹੀ ਪੂਰੇ ਦੇਸ਼ 'ਚ ਵਿਰੋਧ ਮੁਜ਼ਾਹਰਿਆਂ ਦਾ ਦੌਰ ਜਾਰੀ ਹੈ। ਏਧਰ, ਅਮਰੀਕਾ ਦੇ ਕਈ ਪੱਛਮੀ ਦੇਸ਼ਾਂ ਨੇ ਮਿਆਂਮਾਰ ਦੀ ਫ਼ੌਜੀ ਸਰਕਾਰ ਨੂੰ ਹਿੰਸਾ ਬੰਦ ਕਰਨ ਤੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਜਦਕਿ ਅਮਰੀਕਾ ਨੇ ਸ਼ਾਂਤੀਪੂਰਵਕ ਮੁਜ਼ਾਹਰੇ ਕਰ ਰਹੇ ਲੋਕਾਂ 'ਤੇ ਫਾਇਰਿੰਗ ਦੀ ਘਟਨਾ ਬਾਰੇ ਇਸ ਦੇਸ਼ ਦੇ ਕਈ ਫ਼ੌਜੀ ਅਧਿਕਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਮਲੇਸ਼ੀਆ ਨੇ ਮਿਆਂਮਾਰ ਦੇ ਇਕ ਹਜ਼ਾਰ ਨਾਗਰਿਕਾਂ ਨੂੰ ਭੇਜਿਆ ਸਵਦੇਸ਼

ਕੁਆਲਾਲੰਪੁਰ (ਏਜੰਸੀ) : ਮਲੇਸ਼ੀਆ ਨੇ ਕੋਰਟ ਦੀ ਰੋਕ ਦੇ ਬਾਵਜੂਦ ਮਿਆਂਮਾਰ ਦੇ ਇਕ ਹਜ਼ਾਰ ਤੋਂ ਵੱਧ ਨਾਗਰਿਕਾਂ ਨੂੰ ਸਵਦੇਸ਼ ਭੇਜ ਦਿੱਤਾ। ਕੋਰਟ ਨੇ ਇਨ੍ਹਾਂ ਨਾਗਰਿਕਾਂ ਦੀ ਜਲਾਵਤਨੀ 'ਤੇ ਰੋਕ ਲਗਾਈ ਸੀ। ਇਨ੍ਹਾਂ ਲੋਕਾਂ ਨੂੰ ਲਿਆਉਣ ਲਈ ਮਿਆਂਮਾਰ ਨੇ ਇਕ ਬੇੜਾ ਭੇਜਿਆ ਸੀ।

Posted By: Susheel Khanna