ਯੇਰੂਸ਼ਲਮ (ਏਪੀ) : ਕੋਰੋਨਾ ਵਾਇਰਸ ਲਾਕਡਾਊਨ ਤਹਿਤ ਲਾਗੂ ਹੰਗਾਮੀ ਪਾਬੰਦੀਆਂ ਵਿਚ ਢਿੱਲ ਮਿਲਦੇ ਹੀ ਇਜ਼ਰਾਈਲ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਦੇ ਬਾਹਰ ਸ਼ਨਿਚਰਵਾਰ ਰਾਤ ਹਜ਼ਾਰਾਂ ਇਜ਼ਰਾਇਲੀਆਂ ਨੇ ਪ੍ਰਦਰਸ਼ਨ ਕੀਤਾ।

ਵਾਇਰਸ ਦੇ ਨਵੇਂ ਸਿਰੇ ਤੋਂ ਫੈਲਣ ਪਿੱਛੋਂ ਪਿਛਲੇ ਮਹੀਨੇ ਇਜ਼ਰਾਈਲ ਨੇ ਨਵੇਂ ਲਾਕਡਾਊਨ ਨਿਯਮ ਲਾਗੂ ਕੀਤੇ ਸਨ। ਇਸ ਪਿੱਛੋਂ ਪ੍ਰਦਰਸ਼ਨਾਂ 'ਤੇ ਰੋਕ ਲੱਗ ਗਈ ਸੀ। ਹੰਗਾਮੀ ਨਿਯਮਾਂ ਕਾਰਨ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ ਯੇਰੂਸ਼ਲਮ ਯਾਤਰਾ 'ਤੇ ਪਾਬੰਦੀ ਲੱਗ ਗਈ ਸੀ। ਲੋਕਾਂ ਨੂੰ ਆਪਣੇ ਘਰ ਤੋਂ ਕੇਵਲ ਇਕ ਕਿਲੋਮੀਟਰ ਦੇ ਦਾਇਰੇ ਵਿਚ ਹੀ ਛੋਟੇ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ।

ਸ਼ਨਿਚਰਵਾਰ ਰਾਤ ਪ੍ਰਦਰਸ਼ਨਕਾਰੀ ਮੱਧ ਯੇਰੂਸ਼ਲਮ ਵਿਚ ਜਮ੍ਹਾਂ ਹੋਏ ਅਤੇ ਉੱਥੋਂ ਨੇਤਨਯਾਹੂ ਦੇ ਸਰਕਾਰੀ ਨਿਵਾਸ ਵੱਲ ਵਧੇ। ਬੈਨਰ ਫੜੇ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਤੋਂ ਅਹੁਦਾ ਛੱਡਣ ਦੀ ਮੰਗ ਕਰ ਰਹੇ ਸਨ ਅਤੇ 'ਕ੍ਰਾਂਤੀ' ਵਰਗੇ ਨਾਅਰੇ ਲਗਾ ਰਹੇ ਸਨ। ਕਈ ਲੋਕ ਹਾਰਨ ਅਤੇ ਕਈ ਡਰੰਮ ਵਜਾ ਰਹੇ ਸਨ। ਹੋਰ ਪ੍ਰਦਰਸ਼ਨਕਾਰੀ ਇਜ਼ਰਾਈਲੀ ਝੰਡਾ ਲੈ ਕੇ ਚੱਲ ਰਹੇ ਸਨ। ਦੇਸ਼ ਭਰ ਵਿਚ ਕਈ ਛੋਟੇ-ਮੋਟੇ ਪ੍ਰਦਰਸ਼ਨ ਵੀ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਦੇਸ਼ ਭਰ ਵਿਚ ਹੋਏ ਪ੍ਰਦਰਸ਼ਨਾਂ ਵਿਚ ਦੋ ਲੱਖ 60 ਹਜ਼ਾਰ ਲੋਕਾਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ ਹੈ। ਪ੍ਰਦਰਸ਼ਨਕਾਰੀ ਬੇਰੁਜ਼ਗਾਰੀ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।