ਜਨੇਵਾ (ਏਐੱਨਆਈ) : ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂਆਂ ਦੀ ਦੁਰਦਰਸ਼ਾ ਦਾ ਵਿਰੋਧ ਕਰਦਿਆਂ ਪ੍ਰਦਰਸ਼ਨਕਾਰੀਆਂ ਦੇ ਇਕ ਗਰੁੱਪ ਨੇ ਜਨੇਵਾ 'ਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ 'ਚ ਵਿਰੋਧ ਪ੍ਰਦਰਸ਼ਨ ਕੀਤਾ। ਸ਼ੁੱਕਰਵਾਰ ਨੂੰ ਉਸ ਸਮੇਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦਾ 44ਵਾਂ ਸੈਸ਼ਨ ਚੱਲ ਰਿਹਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਮਰਾਨ ਖ਼ਾਨ ਸਰਕਾਰ ਦੀ ਹਮਾਇਤ ਪ੍ਰਰਾਪਤ ਇਸਲਾਮਿਕ ਕੱਟੜਪੰਥੀਆਂ ਦੇ ਹੱਥੋਂ ਹਿੰਦੂਆਂ 'ਤੇ ਅੱਤਿਆਚਾਰਾਂ ਦਾ ਰੱਜ ਕੇ ਵਿਰੋਧ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਾਕਿਸਤਾਨ 'ਚ ਹਿੰਦੂਆਂ ਨੂੰ ਵੱਡੇ ਪੈਮਾਨੇ 'ਤੇ ਦਰਕਿਨਾਰ ਕੀਤਾ ਜਾ ਰਿਹਾ ਹੈ। ਉਨ੍ਹਾਂ 'ਤੇ ਅੱਤਿਆਚਾਰ ਹੋ ਰਿਹਾ ਹੈ। ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਧਾਰਮਿਕ ਆਧਾਰ 'ਤੇ ਉਨ੍ਹਾਂ ਖ਼ਿਲਾਫ਼ ਹਿੰਸਾ ਵੱਧਦੀ ਜਾ ਰਹੀ ਹੈ। ਹਿੰਦੂਆਂ ਨੂੰ ਅਗਵਾ, ਹਮਲੇ, ਜਿਨਸੀ ਅਪਰਾਧ ਤੇ ਹੱਤਿਆਵਾਂ ਆਮ ਗੱਲ ਹੈ। ਹਿੰਦੂਆਂ ਖ਼ਿਲਾਫ਼ ਨਫ਼ਰਤ ਫੈਲਾ ਕੇ ਇਸ ਘੱਟ ਗਿਣਤੀ ਫਿਕਰੇ ਨੂੰ ਹੋਰ ਸੀਮਤ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਸੰਸਦ ਮੈਂਬਰ ਤੇ ਆਗੂ ਖੱੁਲ੍ਹੇਆਮ ਹਿੰਦੂਆਂ ਖ਼ਿਲਾਫ਼ ਨਫਰਤ ਸੁਨੇਹੇ ਜਾਰੀ ਕਰਦੇ ਹਨ।

ਇਸੇ ਤਰ੍ਹਾਂ ਪਾਕਿਸਤਾਨੀ ਕੱਟੜਪੰਥੀ ਇਸਲਾਮੀ ਆਗੂ ਉਥੇ ਹਿੰਦੂਆਂ ਦੇ ਮੰਦਰਾਂ ਦੇ ਨਿਰਮਾਣ ਖ਼ਿਲਾਫ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਇਸਲਾਮਿਕ ਦੇਸ਼ ਹੋਣ ਨਾਤੇ ਉਥੇ ਕਿਸੇ ਮੰਦਰ ਦੇ ਹੋਣ ਦੀ ਗੁਜਾਇਸ਼ ਨਹੀਂ ਹੈ। ਹਾਲ 'ਚ ਹੀ ਸਿੰਧ ਸੂਬੇ 'ਚ ਇਸਲਾਮਿਕ ਭੀੜ ਨੇ ਹਿੰਦੂਆਂ ਦੇ ਇਕ ਮੰਦਰ 'ਤੇ ਹਮਲਾ ਕਰ ਕੇ ਉਸ ਨੂੰ ਤਹਿਸ-ਨਹਿਸ ਕਰ ਦਿੱਤਾ। ਅਜਿਹੇ ਹਮਲੇ ਇਸਲਾਮਿਕ ਕੱਟੜਪੰਥੀਆਂ ਦੇ ਇਸ਼ਾਰੇ 'ਤੇ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਇਮਰਾਨ ਖ਼ਾਨ ਸਰਕਾਰ ਦੀ ਹਮਾਇਤ ਹਾਸਲ ਹੈ।