ਲਾਪਾਜ (ਏਐੱਫਪੀ) : ਬੋਲੀਵੀਆ 'ਚ ਹੋਈਆਂ ਵਿਵਾਦਤ ਚੋਣਾਂ ਤੋਂ ਬਾਅਦ ਫਿਰ ਰਾਸ਼ਟਰਪਤੀ ਬਣੇ ਏਵੋ ਮੋਰਾਲੇਸ ਖ਼ਿਲਾਫ਼ ਵਿਰੋਧੀਆਂ ਨੇ ਚਾਰੇ ਪਾਸਿਆਂ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਰਾਸ਼ਟਰਪਤੀ ਅਹੁਦੇ ਤੋਂ ਮੋਰਾਲੇਸ ਦੇ ਅਸਤੀਫ਼ੇ ਦੀ ਮੰਗ 'ਤੇ ਅੜੇ ਵਿਰੋਧੀ ਗੁੱਟਾਂ ਨੇ ਸ਼ਨਿਚਰਵਾਰ ਨੂੰ ਸਰਕਾਰੀ ਟੀਵੀ ਤੇ ਰੇਡੀਓ ਕੇਂਦਰਾਂ 'ਤੇ ਕਬਜ਼ਾ ਕਰ ਲਿਆ। ਵੱਡੀ ਗਿਣਤੀ ਵਿਚ ਜੁਟੇ ਪ੍ਰਦਰਸ਼ਨਕਾਰੀਆਂ ਨੇ ਬੋਲੀਵੀਆ ਟੀਵੀ ਤੇ ਰੇਡੀਓ ਪੈਟਿ੍ਆ ਨੁਏਵਾ 'ਤੇ ਕਬਜ਼ਾ ਕਰਕੇ ਉਥੋਂ ਦੇ ਮੁਲਾਜ਼ਮਾਂ ਨੂੰ ਬਾਹਰ ਕੱਢ ਦਿੱਤਾ। ਇਸ ਘਟਨਾ ਦੀ ਮੋਰਾਲੇਸ ਨੇ ਸਖ਼ਤ ਆਲੋਚਨਾ ਕੀਤੀ ਹੈ। ਵਰਤਮਾਨ ਰਾਸ਼ਟਰਪਤੀ ਖ਼ਿਲਾਫ਼ ਪੁਲਿਸ ਮੁਲਾਜ਼ਮਾਂ ਨੇ ਵੀ ਮੋਰਚਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਮੋਰਾਲੇਸ ਦੇ ਮਹਿਲ ਸਮੇਤ ਕੁਝ ਅਹਿਮ ਥਾਵਾਂ 'ਤੇ ਪੁਲਿਸ ਮੁਲਾਜ਼ਮਾਂ ਨੇ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਮੋਰਾਲੇਸ 'ਤੇ ਬੀਤੇ ਅਕਤੂਬਰ ਮਹੀਨੇ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਘੁਟਾਲਾ ਕਰ ਕੇ ਫਿਰ ਤੋਂ ਸੱਤਾ ਹਾਸਲ ਕਰਨ ਦਾ ਦੋਸ਼ ਹੈ। ਉਹ ਦੇਸ਼ ਦੇ ਚੌਥੀ ਵਾਰ ਰਾਸ਼ਟਰਪਤੀ ਬਣੇ ਹਨ। ਸਰਕਾਰ ਖ਼ਿਲਾਫ਼ ਹਿੰਸਕ ਵਿਰੋਧ ਵਿਚ ਹਾਲੇ ਤਕ ਤਿੰਨ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਜਾਰੀ ਵਿਰੋਧ ਪ੍ਰਦਰਸ਼ਨ ਦੌਰਾਨ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ।