ਬੈਂਕਾਕ (ਰਾਇਟਰ) : ਲੋਕਤੰਤਰ ਹਮਾਇਤੀਆਂ ਦੇ ਪ੍ਰਦਰਸ਼ਨ ਦੌਰਾਨ ਥਾਈਲੈਂਡ ਦੇ ਬੈਂਕਾਕ ਵਿਚ ਪੁਲਿਸ ਨੇ ਅੱਥਰੂ ਗੈਸ ਦੇ ਨਾਲ ਹੀ ਪਾਣੀ ਦੀਆਂ ਵਾਛੜਾਂ ਦੀ ਵੀ ਵਰਤੋਂ ਕੀਤੀ। ਇਹ ਪ੍ਰਦਰਸ਼ਨ ਕਈ ਘੰਟੇ ਚੱਲਦਾ ਰਿਹਾ ਅਤੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀਆਂ ਪੁਲਿਸ ਨਾਲ ਕਈ ਵਾਰ ਝੜਪਾਂ ਵੀ ਹੋਈਆਂ। ਪ੍ਰਦਰਸ਼ਨਕਾਰੀ ਮਾਰਚ ਕਰਦੇ ਹੋਏ ਐਤਵਾਰ ਨੂੰ ਫ਼ੌਜੀ ਖੇਤਰ ਵਿਚ ਪਹੁੰਚ ਗਏ। ਉਨ੍ਹਾਂ ਦੀ ਮੰਗ ਸੀ ਕਿ ਰਾਜਾ ਵਜਿਰਾਲਾਂਗਕਾਰਨ ਦੇ ਫ਼ੌਜ 'ਤੇ ਸਿੱਧੇ ਕੰਟਰੋਲ ਨੂੰ ਖ਼ਤਮ ਕੀਤਾ ਜਾਵੇ।


ਬੈਂਕਾਕ ਦੀ ਤੋਪਖਾਨਾ ਰੈਜੀਮੈਂਟ ਯੂਨਿਟ ਨੂੰ ਪ੍ਰਧਾਨ ਮੰਤਰੀ ਪ੍ਰਯੁਥ ਚਾਨ ਓਚਾ ਨੇ 2019 ਵਿਚ ਸਿੱਧੇ ਰਾਜਾ ਦੇ ਕੰਟਰੋਲ ਵਿਚ ਕਰ ਦਿੱਤਾ ਹੈ। ਪਿਛਲੇ ਸਾਲ ਤੋਂ ਲੋਕਤੰਤਰ ਸਮਰਥਕ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਅਤੇ ਰਾਜਪਰਿਵਾਰ ਦੇ ਅਧਿਕਾਰਾਂ ਵਿਚ ਕਟੌਤੀ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀ ਮਿਆਂਮਾਰ ਵਿਚ ਹੋ ਰਹੇ ਪ੍ਰਦਰਸ਼ਨਾਂ ਦਾ ਵੀ ਸਮਰਥਨ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਫ਼ੌਜੀ ਸ਼ਾਸਨ ਨੂੰ ਆਪਣਾ ਸਮਰਥਨ ਦਿੱਤਾ ਹੈ ਜੋ ਕਿ ਗ਼ਲਤ ਹੈ। ਇੱਥੇ ਪ੍ਰਦਰਸ਼ਨਕਾਰੀਆਂ ਨੇ ਮਿਆਂਮਾਰ 'ਚ ਸੜਕਾਂ 'ਤੇ ਉਤਰੇ ਲੋਕਾਂ ਦਾ ਸਮਰਥਨ ਕੀਤਾ।

Posted By: Ravneet Kaur