ਬੀਜਿੰਗ (ਏਜੰਸੀ) : ਚੀਨ ’ਚ ਬਹੁਤ ਘੱਟ ਲੋਕ ਵਿਆਹ ਕਰਵਾ ਰਹੇ ਹਨ। ਇਸ ਕਾਰਨ ਜਨਮ ਦਰ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਮੁਲਕ ’ਚ ਆਬਾਦੀ ਸੰਕਟ ਖੜ੍ਹਾ ਹੋ ਗਿਆ ਹੈ। ਚੀਨ ’ਚ ਵਿਆਹ ਰਜਿਸਟ੍ਰੇਸ਼ਨ ਦੀ ਗਿਣਤੀ ਲਗਾਤਾਰ ਸੱਤ ਸਾਲਾਂ ਤੋਂ ਡਿੱਗ ਰਹੀ ਹੈ। ਇਸ ਸਾਲ ਪਿਛਲੇ ਸਾਲ 17 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਹਾਲੀਆ ਜਾਰੀ ਚਾਈਨਾ ਸਟੈਟਿਸਟੀਕਲ ਈਅਰਬੁੱਕ 2021 ਦੇ ਅੰਕੜਿਆਂ ’ਚ ਇਹ ਜਾਣਕਾਰੀ ਮਿਲੀ ਹੈ।

ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਮੁਤਾਬਕ, ਚੀਨ ’ਚ 2021 ਦੀ ਪਹਿਲੀਆਂ ਤਿੰਨ ਤਿਮਾਹੀਆਂ ’ਚ ਕੁੱਲ 58.7 ਲੱਖ ਜੋੜਿਆਂ ਨੇ ਵਿਆਹ ਕੀਤਾ, ਜਿਹੜਾ ਪਿਛਲੇ ਸਾਲ ਦੇ ਇਸੇ ਸਮੇਂ ’ਚ ਥੋੜ੍ਹਾ ਘੱਟ ਹੈ। ਚੀਨ ਦੀ ਸਰਕਾਰੀ ਅਖ਼ਬਾਰ ਚਾਈਨਾ ਡੇਲੀ ਨੇ ਕਿਹਾ ਕਿ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 2021 ’ਚ ਚੀਨ ’ਚ ਵਿਆਹ ਰਜਿਸਟ੍ਰੇਸ਼ਨ ਦੀ ਗਿਣਤੀ ’ਚ ਗਿਰਾਵਟ ਜਾਰੀ ਰਹੇਗੀ। ਚਾਈਨਾ ਸਟੈਟਿਸਟੀਕਲ ਈਅਰਬੁੱਕ 2021 ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਹ ਡਿੱਗਦੀ ਜਨਮ ਦਰ ਤੋਂ ਇਲਾਵਾ ਹੈ। ਚੀਨ ’ਚ ਪਿਛਲੇ ਸਾਲ ਜਨਮ ਦਰ 0.852 ਫ਼ੀਸਦੀ ਸੀ, ਜਿਹੜੀ 1978 ਤੋਂ ਬਾਅਦ ਪਹਿਲੀ ਵਾਰੀ ਇਕ ਫ਼ੀਸਦੀ ਤੋਂ ਡਿੱਗ ਗਈ ਹੈ। ਚੀਨ ਦੀ ਸਰਕਾਰ ਵੀ ਇਸ ਸੰਕਟ ਤੋਂ ਪਰੇਸ਼ਾਨ ਹੈ।

ਜਿਵੇਂ-ਜਿਵੇਂ ਆਬਾਦੀ ਸੰਕਟ ਡੂੰਘਾ ਹੁੰਦਾ ਗਿਆ, ਚੀਨ ਨੇ 2016 ’ਚ ਸਾਰੇ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ। ਚੀਨ ਨੇ ਦਹਾਕਿਆਂ ਪੁਰਾਣੀ ਵਨ ਚਾਈਲਡ ਪਾਲਿਸੀ ਨੂੰ ਖ਼ਤਮ ਕਰ ਦਿੱਤਾ ਤੇ ਇਸ ਸਾਲ ਤਿੰਨ ਬੱਚਿਆਂ ਨੂੰ ਪੈਦਾ ਕਰਨ ਦੀ ਮਨਜ਼ੂਰੀ ਉਦੋਂ ਦਿੱਤੀ ਗਈ, ਜਦੋਂ ਨਵੀਂ ਮਰਦਮਸ਼ੁਮਾਰੀ ਨੂੰ ਜਾਰੀ ਕੀਤਾ ਗਿਆ। ਇਸ ਮਰਦਮਸ਼ੁਮਾਰੀ ਡਾਟਾ ਤੋਂ ਪਤਾ ਲੱਗਾ ਕਿ ਚੀਨ ਦੀ ਆਬਾਦੀ ਸਭ ਤੋਂ ਹੌਲੀ ਰਫਤਾਰ ਨਾਲ ਵੱਧ ਕੇ 1.412 ਅਰਬ ਹੋ ਗਈ ਹੈ। ਇਸ ਵਿਚ ਕਿਹਾ ਗਿਆ ਕਿ ਅਗਲੇ ਸਾਲ ਦੀ ਸ਼ੁਰੂਆਤ ਤੋਂ ਇਸ ਵਿਚ ਤੇਜ਼ੀ ਨਾਲ ਗਿਰਾਵਟ ਹੋਵੇਗੀ।

Posted By: Susheel Khanna