ਬੈਂਕਾਕ (ਏਜੰਸੀ) : PM Modi in Thailand : ਭਾਰਤ ਸਮੁੰਦਰ ਸਮੇਤ ਹੋਰਨਾਂ ਖੇਤਰਾਂ 'ਚ ਆਸੀਆਨ ਨਾਲ ਸਹਿਯੋਗ ਦਾ ਵਿਸਤਾਰ ਕਰਨ ਲਈ ਤਿਆਰ ਹੈ। ਸਬੰਧਾਂ ਦੇ ਸਮੁੱਚੇ ਵਿਕਾਸ ਲਈ ਆਸੀਆਨ ਤੇ ਭਾਰਤ ਵਿਚਕਾਰ ਸੰਪਰਕ ਵਧਾਉਣਾ ਕਾਫ਼ੀ ਮਹੱਤਵਪੂਰਨ ਹੈ। ਪੀਐੱਮ ਮੋਦੀ ਨੇ ਇਹ ਗੱਲ ਅੱਜ ਬੈਂਕਾਕ 'ਚ 16ਵੇਂ ਆਸੀਆਨ-ਭਾਰਤ (16th ASEAN-India Summit) ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਹੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੀ ਤਿੰਨ ਦਿਨਾ ਯਾਤਰਾ ਦਾ ਇਹ ਦੂਸਰਾ ਦਿਨ ਹੈ। ਪੀਐੱਮ ਮੋਦੀ ਇਸ ਦੌਰੇ 'ਤੇ ਸ਼ਨਿਚਰਵਾਰ ਨੂੰ ਬੈਂਕਾਕ ਪਹੁੰਚੇ।

ਉਨ੍ਹਾਂ ਇਸ ਦੌਰਾਨ ਕਿਹਾ, 'ਮੈਂ ਇੰਡੋ-ਆਸੀਆਨ ਸਹਿਯੋਗ ਦਾ ਸਵਾਗਤ ਕਰਦਾ ਹਾਂ। ਭਾਰਤ ਦੀ ਐਕਟ ਈਸਟ ਪਾਲਿਸੀ ਸਾਡੀ ਇੰਡੋ-ਪੈਸੀਫਿਕ ਦ੍ਰਿਸ਼ਟੀ ਦਾ ਮਹੱਤਵਪੂਰਨ ਹਿੱਸਾ ਹੈ ਤੇ ਆਸੀਆਨ ਇਸ ਦੇ ਮੂਲ 'ਚ ਹੈ। ਏਕੀਕ੍ਰਿਤ, ਮਜ਼ਬੂਤ ਤੇ ਆਰਥਿਕ ਪੱਖੋਂ ਖ਼ੁਸ਼ਹਾਲ ਆਸੀਆਨ ਭਾਰਤ ਦੇ ਹਿੱਤ 'ਚ ਹੈ।

ਇਨ੍ਹਾਂ ਖੇਤਰਾਂ 'ਚ ਸਹਿਯੋਗ ਵਧਾਉਣ ਦਾ ਮੌਕਾ

ਇਸ ਸਿਖਰ ਸੰਮੇਲਨ 'ਚ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਪੀਐੱਮ ਮੋਦੀ ਨੇ ਕਿਹਾ, 'ਭਾਰਤ ਤੇ ਇਸ ਸਮੂਹ ਦੇ 10 ਦੇਸ਼ਾਂ ਵਿਚਕਾਰ ਜ਼ਮੀਨ, ਹਵਾ ਤੇ ਸਮੁੰਦਰੀ ਸੰਪਰਕ ਵਧਾਉਣ ਨਾਲ ਖੇਤਰੀ ਵਪਾਰ ਤੇ ਆਰਥਿਕ ਵਿਕਾਸ ਨੂੰ ਕਾਫ਼ੀ ਹੱਲਾਸ਼ੇਰੀ ਮਿਲੇਗੀ। ਪੀਐੱਮ ਮੋਦੀ ਨੇ ਕਿਹਾ ਕਿ ਸਮੁੰਦਰੀ ਸੁਰੱਖਿਆ ਖੇਤਰ ਤੇ ਬਲਿਊ ਇਕੌਨਮੀ ਦੇ ਨਾਲ-ਨਾਲ ਖੇਤੀਬਾੜੀ, ਇੰਜੀਨੀਅਰਿੰਗ, ਡਿਜੀਟਲ ਤਕਨੀਕੀ ਤੇ ਵਿਗਿਆਨਕ ਖੋਜਾਂ ਦੇ ਖੇਤਰ 'ਚ ਸਹਿਯੋਗ ਵਧਾਉਣ ਦਾ ਮੌਕਾ ਹੈ।

ਦੱਖਣੀ-ਪੂਰਬੀ ਏਸ਼ੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਸਮੂਹ

10 ਦੇਸ਼ਾਂ ਦੇ ਸਮੂਹ ਨੂੰ ਦੱਖਣੀ-ਪੂਰਬੀ ਏਸ਼ੀਆ 'ਚ ਸਭ ਤੋਂ ਪ੍ਰਭਾਵਸ਼ਾਲੀ ਸਮੂਹਾਂ 'ਚੋਂ ਇਕ ਮੰਨਿਆ ਜਾਂਦਾ ਹੈ। ਭਾਰਤ ਤੇ ਅਮਰੀਕਾ, ਚੀਨ, ਜਾਪਾਨ ਤੇ ਆਸਟ੍ਰਾਲੀਆ ਸਮੇਤ ਕਈ ਹੋਰ ਦੇਸ਼ ਇਸ ਦੇ ਸੰਵਾਦ ਮੈਂਬਰ ਹਨ।

ਭਾਰਤ 'ਚ ਆਸੀਆ ਦੇਸ਼ਾਂ ਦਾ ਨਿਵੇਸ਼

ਭਾਰਤ ਸਮੇਤ ਆਸੀਆਨ ਖੇਤਰ 'ਚ ਕੁੱਲ ਮਿਲਾ ਕੇ 1.85 ਬਿਲੀਅਨ ਲੋਕਾਂ ਦੀ ਆਬਾਦੀ ਹੈ ਜਿਹੜੀ ਆਲਮੀ ਆਬਾਦੀ ਦਾ ਇਕ ਚੌਥਾਈ ਹੈ ਤੇ ਉਨ੍ਹਾਂ ਦਾ ਸੰਯੁਕਤ ਜੀਡੀਪੀ ਅਨੁਮਾਨਤ ਤੌਰ 'ਤੇ 3.8 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਹੈ। ਆਸੀਆਨ ਨਾਲ ਭਾਰਤ 'ਚ ਨਿਵੇਸ਼ ਪਿਛਲੇ 17 ਸਾਲਾਂ 'ਚ 70 ਬਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਰਿਹਾ ਹੈ, ਜਿਹੜਾ ਭਾਰਤ ਦੇ ਕੁੱਲ ਐੱਫਡੀਆਈ ਦਾ 17 ਫ਼ੀਸਦੀ ਤੋਂ ਜ਼ਿਆਦਾ ਹੈ।

ਭਾਰਤ ਦਾ ਰਹਿਣ ਦਾ ਸਭ ਤੋਂ ਵਧੀਆ ਸਮਾਂ

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਥਾਈਲੈਂਡ ਦੇ ਵਪਾਰ ਜਗਤ ਨੂੰ ਭਾਰਤ 'ਚ ਨਿਵੇਸ਼ ਕਰਨ ਦੀ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਇਹ ਦੇਸ਼ ਵਿਚ ਰਹਿਣ ਦਾ ਸਭ ਤੋਂ ਵਧੀਆ ਸਮਾਂ ਹੈ। ਪੀਐੱਮ ਮੋਦੀ ਨੇ ਇੱਥੇ ਇਕ ਪ੍ਰੋਗਰਾਮ 'ਚ ਬੋਲਦਿਆਂ ਕਿਹਾ, 'ਮੈਂ ਅੱਜ ਤੁਹਾਨੂੰ ਭਾਰਤ 'ਚ ਹੋ ਰਹੇ ਕੁਝ ਸਕਾਰਾਤਾਮਕ ਬਦਲਾਵਾਂ ਬਾਰੇ ਦੱਸਣ ਲਈ ਉਤਾਵਲਾ ਹਾਂ। ਮੈਂ ਪੂਰੇ ਆਤਮਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਅੱਜ ਭਾਰਤ 'ਚ ਆਉਣ ਦਾ ਸਭ ਤੋਂ ਵਧੀਆ ਸਮਾਂ ਹੈ।' ਪੀਐੱਮ ਮੋਦੀ ਨੇ ਇਹ ਗੱਲ ਥਾਈਲੈਂਡ 'ਚ ਆਦਿਤਿਆ ਬਿਰਲਾ ਗਰੁੱਪ (ADITYA BIRLA GROUP) ਦੇ 50 ਸਾਲ ਪੂਰੇ ਹੋਣ ਮੌਕੇ ਕਰਵਾਏ ਇਕ ਪ੍ਰੋਗਰਾਮ 'ਚ ਕਹੀ।

Posted By: Seema Anand