ਆਬੂਧਾਬੀ (ਆਈਏਐੱਨਐੱਸ) : ਨਵੀਂ ਦਿੱਲੀ ਤੋਂ ਇਟਲੀ ਦੇ ਮਿਲਾਨ ਸ਼ਹਿਰ ਜਾ ਰਹੀ ਐੱਲ ਇਟਾਲੀਆ ਦੀ ਇਕ ਫਲਾਈਟ 'ਚ ਭਾਰਤੀ ਯਾਤਰੀ ਕੈਲਾਸ਼ ਚੰਦਰ ਸੈਣੀ (52) ਦੀ ਮੌਤ ਹੋ ਗਈ। ਇਸ ਕਾਰਨ ਸੋਮਵਾਰ ਦੇਰ ਰਾਤ ਜਹਾਜ਼ ਦੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਆਬੂਧਾਬੀ ਇੰਟਰਨੈਸ਼ਨਲ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਸੈਣੀ ਰਾਜਸਥਾਨ ਦੇ ਰਹਿਣ ਵਾਲੇ ਸਨ। ਦਸਤਾਵੇਜ਼ੀ ਕਾਰਵਾਈ ਪੂਰੀ ਕਰਨ ਲਈ ਸੈਣੀ ਦੀ ਲਾਸ਼ ਮਫਰਾਕ ਹਸਪਤਾਲ ਲਿਆਂਦੀ ਗਈ। ਆਬੂਧਾਬੀ ਸਥਿਤ ਭਾਰਤੀ ਦੂਤਘਰ 'ਚ ਕੌਂਸਲਰ ਐੱਮ ਰਾਜਾਮੁਰੂਗਨ ਨੇ ਕਿਹਾ ਕਿ ਸੈਣੀ ਦੀ ਮੌਤ ਦਾ ਸਰਟੀਫਿਕੇਟ ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ। ਉਨ੍ਹਾਂ ਦੀ ਲਾਸ਼ ਛੇਤੀ ਹੀ ਭਾਰਤ ਲਿਆਂਦੀ ਜਾਵੇਗੀ।