ਏਜੰਸੀ, ਮਨੀਲਾ : ਫਿਲੀਪੀਨ ਵਿਚ ਇਕ ਜਵਾਲਾਮੁਖੀ ਦੇ ਫੱਟਣ ਨਾਲ ਹਫੜਾ ਦਫੜੀ ਮੱਚ ਗਈ। ਨਿਊਜ਼ ਏਜੰਸੀ ਆਈਏਐਨਐਸ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਸੋਮਵਾਰ ਨੂੰ ਤਾਲ ਜਵਾਲਾਮੁਖੀ Taal volcano ਨੇ ਲਾਵਾ ਅਤੇ ਅੱਗ ਉਗਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪ੍ਰਭਾਵਿਤ ਹੋਏ ਇਲਾਕੇ ਨੂੰ ਖਾਲੀ ਕਰਾਉਂਦੇ ਹੋਏ 7742 ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਪਹੁੰਚਾਇਆ ਗਿਆ ਹੈ। ਜਵਾਲਾਮੁਖੀ ਵਿਸਫੋਟ ਏਨਾ ਭਿਆਨਕ ਹੈ ਕਿ ਇਸ ਦੀ ਸੁਆਹ 70 ਕਿਲੋਮੀਟਰ ਦੂਰ ਰਾਜਧਾਨੀ ਮਨੀਲਾ ਤਕ ਪਹੁੰਚ ਗਈ ਹੈ।

ਨਿਊਜ਼ ਏਜੰਸੀ ਏਐਫਪੀ ਮੁਤਾਬਕ ਫਿਲੀਪੀਨ ਵਿਚ ਅਲਰਟ ਐਲਾਨਿਆ ਗਿਆ ਹੈ। ਜਵਾਲਾਮੁਖੀ ਦੇ ਫੱਟਣ ਕਾਰਨ ਸੈਂਕੜੇ ਜਹਾਜ਼ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਜਵਾਲਾਮੁਖੀ ਤੋਂ ਸੁਆਹ ਕੱਢਣ ਅਤੇ ਭੂਚਾਲ ਦੇ ਝਟਕਿਆਂ ਨੂੰ ਦੇਖਦੇ ਹੋਏ ਨੇੜਲੇ ਇਲਾਕੇ ਖਾਲੀ ਕਰਵਾਏ ਜਾ ਰਹੇ ਹਨ। ਫਿਲੀਪੀਨ ਸਟਾਕ ਐਕਸਚੇਂਜ ਵੀ ਬੰਦ ਹੈ। ਜਵਾਲਾਮੁਖੀ ਵਿਚੋਂ ਨਿਕਲੀ ਸੁਆਹ ਕਾਰਨ 240 ਉਡਾਨਾਂ ਰੱਦ ਹੋਈਆਂ ਹਨ।

ਆਉਣ ਵਾਲੇ ਦਿਨਾਂ ਵਿਚ ਘਾਤਕ ਧਮਾਕੇ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਸੁਆਹ ਦੇ ਬੱਦਲ 50 ਹਜ਼ਾਰ ਫੁੱਟ ਦੀ ਉਚਾਈ ਤਕ ਪਹੁੰਚ ਗਏ ਹਨ, ਜਿਸ ਨਾਲ ਜਹਾਜ਼ਾਂ ਨੂੰ ਖ਼ਤਰਾ ਹੋ ਸਕਦਾ ਹੈ।

Posted By: Tejinder Thind