v> ਮਨੀਲਾ (ਏਪੀ) : ਦੱਖਣੀ ਚੀਨ ਸਾਗਰ ਦੇ ਇਕ ਟਾਪੂ ਨੂੰ ਲੈ ਕੇ ਫਿਲਪੀਨਜ਼ ਤੇ ਚੀਨ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਇਸ ਟਾਪੂ ’ਤੇ ਫਿਲਹਾਲ ਫਿਲਪੀਨਜ਼ ਦਾ ਕਬਜ਼ਾ ਹੈ। ਉਸ ਨੇ ਚੀਨ ਨੂੰ ਕਿਹਾ ਹੈ ਕਿ ਉਹ ਇਸ ਟਾਪੂ ਨੇੜਿਓਂ ਆਪਣੇ ਜਹਾਜ਼ ਅਤੇ ਮੱਛੀ ਫ਼ੜਨ ਵਾਲੀ ਕਿਸ਼ਤੀ ਹਟਾ ਲਵੇ। ਦੂਜੇ ਪਾਸੇ ਚੀਨੀ ਫ਼ੌਜ ਨੇ ਆਪਣੀ ਖ਼ੁਦ-ਮੁਖਤਿਆਰੀ ਦਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਖੇਤਰ ਦੀ ਰੱਖਿਆ ਕਰੇਗਾ।

ਏਸ਼ੀਆ ਦੇ ਦੋ ਗੁਆਂਢੀਆਂ ਵਿਚਾਲੇ ਇਹ ਵਿਵਾਦ ਥਿਟੂ ਟਾਪੂ ਨੂੰ ਲੈ ਕੇ ਹੈ। ਰਣਨੀਤਕ ਤੌਰ ’ਤੇ ਅਹਿਮ ਜਲ ਖੇਤਰ ’ਚ ਦੋਵੇਂ ਦੇਸ਼ਾਂ ਵਿਚਾਲੇ ਇਸ ਸਬੰਧੀ ਦੋ ਮਹੀਨੇ ਤੋਂ ਤਣਾਅ ਵੱਧ ਗਿਆ ਹੈ। ਮਨੀਲਾ ’ਚ ਵਿਦੇਸ਼ ਵਿਭਾਗ ਨੇ ਕਿਹਾ ਕਿ ਉਸ ਨੇ ਚੀਨ ਦੀ ਲੰਬੇ ਸਮੇਂ ਤਕ ਮੌਜੂਦਗੀ ਤੇ ਮੱਛੀ ਮਾਰਨ ਦੀਆਂ ਬੇੜੀਆਂ ਦੀਆਂ ਨਾਜਾਇਜ਼ ਸਰਗਰਮੀਆਂ ਖ਼ਿਲਾਫ਼ ਕੂਟਨੀਤਕ ਵਿਰੋਧ ਦਰਜ ਕਰਾਇਆ ਹੈ। ਉਸ ਨੇ ਕਿਹਾ ਕਿ ਚੀਨ ਨੂੰ ਟਾਪੂ ਨੇੜਿਓਂ ਆਪਣਾ ਜਹਾਜ਼ ਵਾਪਸ ਬੁਲਾ ਲੈਣਾ ਚਾਹੀਦਾ ਹੈ, ਜਿਹੜਾ ਫਿਲਪੀਨਜ਼ ਦਾ ਅੰਦਰੂਨੀ ਹਿੱਸਾ ਹੈ।

Posted By: Susheel Khanna