ਹਾਂਗਕਾਂਗ (ਰਾਇਟਰ) : ਕਈ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਸ਼ਨਿਚਰਵਾਰ ਨੂੰ ਹਾਂਗਕਾਂਗ 'ਚ ਮੁੜ ਤੋਂ ਅੰਦੋਲਨ ਤੇ ਹਿੰਸਾ ਭੜਕ ਉੱਠੀ। ਮੈਟਰੋ ਰੇਲ ਦੇ ਕੋਲੂਨ ਟੋਂਗ ਸਟੇਸ਼ਨ 'ਤੇ ਮੁਜ਼ਾਹਰਾਕਾਰੀਆਂ ਨੇ ਪੈਟਰੋਲ ਬੰਬਾਂ ਨਾਲ ਹਮਲਾ ਕੀਤਾ। ਇਸ ਨਾਲ ਸਟੇਸ਼ਨ ਨੂੰ ਭਾਰੀ ਨੁਕਸਾਨ ਹੋਇਆ ਹੈ ਤੇ ਉਸ ਦੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਸੂਤਰਾਂ ਮੁਤਾਬਕ ਲੋਕਤੰਤਰ ਦੀ ਮੰਗ ਵਾਲੇ ਅੰਦੋਲਨ 'ਤੇ ਚੀਨ ਦੇ ਕੋਈ ਧਿਆਨ ਨਾ ਦੇਣ ਤੋਂ ਨਾਰਾਜ਼ ਅੰਦੋਲਨਕਾਰੀ ਹੁਣ ਅੰਦੋਲਨ ਦਾ ਸਰੂਪ ਬਦਲਣ 'ਤੇ ਵਿਚਾਰ ਕਰ ਰਹੇ ਹਨ। ਮੈਟਰੋ ਸਟੇਸ਼ਨ 'ਤੇ ਹਮਲਾ ਇਸ ਦੀ ਸ਼ੁਰੂਆਤ ਸੀ।

ਸਰਕਾਰ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਹਮਲੇ ਦਾ ਸ਼ਿਕਾਰ ਹੋਏ ਸਟੇਸ਼ਨ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਸੈਕੜੇ ਫੇਸ ਮਾਸਕ ਲਗਾਏ ਹੋਏ ਮੁਜ਼ਾਹਰਾਕਾਰੀ ਮਾਰਚ ਕਰਦੇ ਹੋਏ ਸਟੇਸ਼ਨ 'ਤੇ ਪੁੱਜੇ ਤੇ ਉੱਥੇ ਉਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਹਾਲੀਆ ਦੇ ਦਿਨਾਂ 'ਚ ਮੁਜ਼ਾਹਰਾਕਾਰੀਆਂ ਨੇ ਮੈਟਰੋ ਸਟੇਸ਼ਨਾਂ 'ਤੇ ਕਈ ਹਮਲੇ ਕੀਤੇ ਹਨ, ਜਿਸ ਕਾਰਨ ਕਈ ਦਿਨਾਂ ਤਕ ਉਸ ਦੀਆਂ ਸੇਵਾਵਾਂ ਨੂੰ ਬੰਦ ਰੱਖਿਆ ਗਿਆ। ਤਾਜ਼ਾ ਹਮਲੇ ਤੋਂ ਬਾਅਦ ਵੀ ਮਹਾਨਗਰ ਦੀ ਮੈਟਰੋ ਸੇਵਾ ਨੂੰ ਰੋਕ ਦਿੱਤਾ ਗਿਆ। ਯਾਦ ਰਹੇ ਕਿ ਹਾਂਗਕਾਂਗ 'ਚ ਮੈਟਰੋ ਰੇਲ ਰਾਹੀਂ ਰੋਜ਼ਾਨਾ 50 ਲੱਖ ਲੋਕ ਸਫਰ ਕਰਦੇ ਹਨ। ਇਸ ਨੂੰ ਦੁਨੀਆ ਦੇ ਸਭ ਤੋਂ ਵਿਵਸਥਤ ਰੇਲਵੇ ਨੈੱਟਵਰਕ 'ਚੋਂ ਇਕ ਮੰਨਿਆ ਜਾਂਦਾ ਸੀ। ਸ਼ਨਿਚਰਵਾਰ ਨੂੰ ਸੀਨੀਅਰ ਅੰਦੋਲਨਕਾਰੀਆਂ ਦਾ ਸਮੂਹ ਮਾਰਚ ਕਰ ਕੇ ਪੁਲਿਸ ਹੈੱਡਕੁਆਰਟਰ ਪੁੱਜਾ ਤੇ ਉੱਥੇ 48 ਘੰਟੇ ਦੇ ਧਰਨੇ 'ਤੇ ਬੈਠਾ। ਸਿਲਵਰ ਹੇਅਰਡ ਮਾਰਚਰ ਨਾਂ ਦੇ ਸਮੂਹ 'ਚ ਸ਼ਾਮਲ ਲੋਕਾਂ ਨੇ ਕਿਹਾ ਹੈ ਕਿ ਉਹ ਬਜ਼ੁਰਗ ਬੇਸ਼ੱਕ ਹੀ ਹੋ ਗਏ ਹਨ ਪਰ ਖ਼ਤਮ ਨਹੀਂ ਹੋਏ ਹਨ। ਚਾਰ ਮਹੀਨੇ ਪਹਿਲਾਂ ਚੀਨ ਨਾਲ ਹਵਾਲਗੀ ਸੰਧੀ ਦੇ ਵਿਰੋਧ 'ਚ ਸ਼ੁਰੂ ਹੋਇਆ ਅੰਦੋਲਨ ਹੁਣ ਲੋਕਤੰਤਰ ਦੀ ਮੰਗ ਦੇ ਅੰਦੋਲਨ 'ਚ ਤਬਦੀਲ ਹੋ ਗਿਆ ਹੈ। ਇਸ ਨੂੰ ਅਮਰੀਕਾ, ਫਰਾਂਸ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੀ ਹਮਾਇਤ ਹਾਸਲ ਹੈ।

ਬੀਤੇ ਹਫ਼ਤੇ ਸਰਕਾਰ ਨੇ ਜਦੋਂ ਫੇਸ ਮਾਸਕ 'ਤੇ ਪਾਬੰਦੀ ਲਗਾਈ ਤਾਂ ਅੰਦੋਲਨਕਾਰੀ ਭੜਕ ਉੱਠੇ। ਇਸ ਤੋਂ ਬਾਅਦ ਹਜ਼ਾਰਾਂ ਅੰਦੋਲਨਕਾਰੀ ਸੜਕਾਂ 'ਤੇ ਉਤਰ ਕੇ ਪੁਲਿਸ ਨਾਲ ਜੂਝੇ। ਸਰਕਾਰ ਨੇ ਉਸ ਰਾਤ ਨੂੰ ਖ਼ੁਦਮੁਖ਼ਤਾਰ ਖੇਤਰ ਦੀ ਕਾਲੀ ਰਾਤ ਕਿਹਾ ਸੀ।