ਸ਼ੰਘਾਈ (ਰਾਇਟਰ) : ਚੀਨ ਸਰਕਾਰ ਦੀ ਸਖਤੀ ਦੇ ਬਾਵਜੂਦ ਕੋਵਿਡ ਪਾਬੰਦੀਆਂ ਦੇ ਵਿਰੁੱਧ ਲੋਕਾਂ ਦਾ ਗੁੱਸਾ ਘਟਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨਾਂ ’ਚ ਹੋਏ ਪ੍ਰਦਰਸ਼ਨਾਂ ਦੀ ਜਾਂਚ ਕਰ ਰਹੀ ਦੰਗਾ ਵਿਰੋਧੀ ਪੁਲਿਸ ਨੇ ਮੰਗਲਵਾਰ ਨੂੰ ਰਾਤ ਨੂੰ ਜਦੋਂ ਗਵਾਂਗਝੋਊ ’ਚ ਉਨ੍ਹਾਂ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ, ਜੋ ਪ੍ਰਦਰਸ਼ਨਾਂ ’ਚ ਸ਼ਾਮਲ ਨਹੀਂ ਸਨ ਤਾਂ ਲੋਕਾਂ ਦਾ ਗੁੱਸਾ ਹੋਰ ਭੜਕ ਗਿਆ। ਦੰਗਾ ਵਿਰੋਧੀ ਪੁਲਿਸ ਨਾਲ ਲੋਕਾਂ ਦੀ ਝੜਪ ਹੋ ਗਈ। ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਬੁੱਧਵਾਰ ਨੂੰ ਸ਼ਹਿਰ ਦੇ ਕਈ ਹਿੱਸਿਆਂ ’ਚ ਪਾਬੰਦੀਆਂ ’ਚ ਢਿੱਲ ਦੇਣੀ ਪਈ।

ਸਖਤ ਕੋਵਿਡ ਪਾਬੰਦੀਆਂ ਦੇ ਵਿਰੁੱਧ ਹਫਤੇ ਦੇ ਅੰਤ ’ਚ ਸ਼ੁਰੂ ਹੋਏ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਘਬਰਾਈ ਜਿਨਪਿੰਗ ਸਰਕਾਰ ਨੇ ਦੇਸ਼ ਦੇ ਵੱਡੇ ਸ਼ਹਿਰਾਂ ’ਚ ਵੱਡੀ ਗਿਣਤੀ ’ਚ ਪੁਲਿਸ ਕਰਮਚਾਰੀਆਂ ਨੂੰ ਭੇਜਿਆ ਹੈ। ਪੂਰਬੀ ਸ਼ਹਿਰ ਸ਼ੁਝੋਊ ’ਚ ਟੈਂਕਾਂ ਨੂੰ ਤਾਇਨਾਤ ਕੀਤੇ ਜਾਣ ਦੀ ਸੂਚਨਾ ਹੈ। ਲੋਕਾਂ ਦੇ ਮੋਬਾਈਲ ਅਤੇ ਹੋਰ ਯੰਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਦਰਸ਼ਨਾਂ ਨਾਲ ਸਬੰਧਤ ਵੀਡੀਓ ਡਿਲੀਟ ਕੀਤੇ ਜਾ ਰਹੇ ਹਨ। ਇੰਟਰਨੈੱਟ ਮੀਡੀਆ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੇਂਦਰੀ ਸਿਆਸੀ ਅਤੇ ਕਾਨੂੰਨੀ ਮਾਮਲਿਆਂ ਬਾਰੇ ਕਮਿਸ਼ਨ ਨੇ ‘ਦੁਸ਼ਮਣ ਤਾਕਤਾਂ’ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਵੱਡੀ ਗਿਣਤੀ ’ਚ ਪੁਲਿਸ ਵਾਹਨ ਸ਼ਹਿਰਾਂ ’ਚ ਗਸ਼ਤ ਕਰ ਰਹੇ ਹਨ, ਜਦਕਿ ਪੁਲਿਸ ਕਰਮਚਾਰੀ ਅਤੇ ਅਰਧ ਸੈਨਿਕ ਫੋਰਸਾਂ ਲੋਕਾਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰ ਰਹੀਆਂ ਹਨ। ਦਰਜਨਾਂ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਹਾਲ ਹੀ ਦੇ ਪ੍ਰਦਰਸ਼ਨਾਂ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ਦਾ ਸਭ ਤੋਂ ਵੱਡਾ ਵਿਰੋਧ ਅੰਦੋਲਨ ਦੱਸਿਆ ਜਾ ਰਿਹਾ ਹੈ। ਇਸ ਨੂੰ 1989 ਦੇ ਥਯੇਨ ਆਨ ਮਨ ਅੰਦੋਲਨ ਤੋਂ ਬਾਅਦ ਸਭ ਤੋਂ ਵੱਡੀ ਸਿਵਲ ਨਾਫਰਮਾਨੀ ਵੀ ਕਿਹਾ ਜਾ ਰਿਹਾ ਹੈ।

ਗਵਾਂਗਝੋਊ ਸ਼ਹਿਰ ਦੇ ਕੁਝ ਜ਼ਿਲ੍ਹਿਆਂ ’ਚ ਤਾਲਾਬੰਦੀ ਦੀ ਸਮਾਪਤੀ ਦਾ ਐਲਾਨ ਕਰਦੇ ਹੋਏ ਅਧਿਕਾਰੀਆਂ ਨੇ ਉਨ੍ਹਾਂ ਜ਼ਿਲ੍ਹਿਆਂ ਦਾ ਜ਼ਿਕਰ ਨਹੀਂ ਕੀਤਾ ਜਿੱਥੇ ਮੰਗਲਵਾਰ ਨੂੰ ਪ੍ਰਦਰਸ਼ਨ ਹੋਏ ਸਨ। ਜਿਨ੍ਹਾਂ ਜ਼ਿਲ੍ਹਿਆਂ ’ਚ ਅਸਥਾਈ ਲਾਕਡਾਊਨ ਨੂੰ ਹਟਾਇਆ ਗਿਆ ਹੈ, ਉਨ੍ਹਾਂ ’ਚ ਹਾਈਝੂ, ਬਾਇਯੂਨ, ਫਨਯੂ, ਤਿਆਨਹੇ, ਕਾਂਘੂਆ, ਹੁਆਦੂ ਅਤੇ ਲਿਵਾਨ ਸ਼ਾਮਲ ਹਨ। ਕਾਂਘੂਆ ਪ੍ਰਸ਼ਾਸਨ ਨੇ ਕਿਹਾ ਕਿ ਜ਼ਿਲ੍ਹੇ ’ਚ ਸਕੂਲ, ਰੈਸਟੋਰੈਂਟ ਅਤੇ ਕਾਰੋਬਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਟਵਿਟਰ ’ਤੇ ਪ੍ਰਸਾਰਿਤ ਹੋ ਰਹੇ ਗਵਾਂਗਝੋਊ ਨਾਲ ਸਬੰਧਤ ਇਕ ਵੀਡੀਓ ’ਚ ਦਰਜਨਾਂ ਦੰਗਾ ਵਿਰੋਧੀ ਪੁਲਿਸ ਵਾਲੇ ਪੀਪੀਈ ਕਿੱਟਾਂ ਵਰਗੀ ਪੋਸ਼ਾਕ ’ਚ ਲਾਕਡਾਊਨ ਬੈਰੀਅਰ ਵੱਲ ਵਧਦੇ ਦਿਖਾਈ ਦੇ ਰਹੇ ਹਨ ਉਦੋਂ ਹੀ ਉਨ੍ਹਾਂ ਕੋਲੋਂ ਇਕ ਉਡਦੀ ਹੋਈ ਚੀਜ਼ ਲੰਘ ਜਾਂਦੀ ਹੈ। ਇਸ ਤੋਂ ਬਾਅਦ ਪੁਲਿਸ ਕੁਝ ਲੋਕਾਂ ਨੂੰ ਹਥਕੜੀ ਲਗਾ ਕੇ ਲੈ ਜਾਂਦੀ ਨਜ਼ਰ ਆ ਰਹੀ ਹੈ। ਇਕ ਹੋਰ ਵੀਡੀਓ ’ਚ ਲੋਕ ਪੁਲਿਸ ’ਤੇ ਕੁਝ ਸੁੱਟਦੇ ਨਜ਼ਰ ਆ ਰਹੇ ਹਨ। ਤੀਜੇ ਵੀਡੀਓ ’ਚ ਪੁਲਿਸ ਅੱਥਰੂ ਗੈਸ ਦੀ ਵਰਤੋਂ ਕਰਦੀ ਦਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਲੋਕ ਘਰਾਂ ’ਚ ਵੜ ਗਏ।

22 ਸ਼ਹਿਰਾਂ ’ਚ ਹੋਏ 43 ਪ੍ਰਦਰਸ਼ਨ

ਅਮਰੀਕੀ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਫ੍ਰੀਡਮ ਹਾਊਸ ਦੇ ਚਾਈਨਾ ਡਿਸੈਂਟ ਮਾਨੀਟਰ ਦਾ ਅੰਦਾਜ਼ਾ ਹੈ ਕਿ ਸ਼ਨਿਚਰਵਾਰ ਤੋਂ ਸੋਮਵਾਰ ਤੱਕ ਚੀਨ ’ਚ ਕੁੱਲ 27 ਪ੍ਰਦਰਸ਼ਨ ਹੋਏ। ਹਾਲਾਂਕਿ, ਆਸਟ੍ਰੇਲੀਆ ਦੇ ਏਐੱਸਪੀਆਈ ਥਿੰਕ ਟੈਂਕ ਦਾ ਅੰਦਾਜ਼ ਹੈ ਕਿ ਚੀਨ ਦੇ 22 ਸ਼ਹਿਰਾਂ ’ਚ 43 ਪ੍ਰਦਰਸ਼ਨ ਹੋਏ ਹਨ। ਇਸ ਦੌਰਾਨ ਬੁੱਧਵਾਰ ਨੂੰ ਮਾਮੂਲੀ ਗਿਰਾਵਟ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 37,828 ਹੋ ਗਈ।

Posted By: Shubham Kumar