ਤਾਇਪੇ (ਏਜੰਸੀ) : ਮਿਆਂਮਾਰ 'ਚ ਹਿੰਸਾ ਦਾ ਦੌਰ ਖ਼ਤਮ ਨਹੀਂ ਹੋ ਰਿਹਾ। ਤਾਜ਼ਾ ਘਟਨਾ 'ਚ ਇਕ ਪਾਰਸਲ ਬੰਬ ਧਮਾਕਾ ਹੋਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਧਮਾਕੇ 'ਚ ਨੈਸ਼ਨਲ ਲੀਗ ਆਫ ਡੈਮੋਕ੍ਰੇਸੀ (ਐੱਨਐੱਲਡੀ) ਦੇ ਸੰਸਦ ਮੈਂਬਰ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ ਤਿੰਨ ਪੁਲਿਸ ਅਧਿਕਾਰੀ ਵੀ ਹਨ, ਜਿਹੜੇ ਲੋਕਤੰਤਰ ਸਮਰਥਕਾਂ ਦੇ ਅੰਦੋਲਨ 'ਚ ਸ਼ਾਮਲ ਹਨ। ਏਧਰ ਚੀਨ ਦੇ ਸੰਯੁਕਤ ਰਾਸ਼ਟਰ 'ਚ ਰਾਜਦੂਤ ਨੇ ਕਿਹਾ ਕਿ ਮਿਆਂਮਾਰ ਖਾਨਾਜੰਗੀ ਵੱਲ ਵਧ ਰਿਹਾ ਹੈ।

ਪਾਰਸਲ ਬੰਬ ਧਮਾਕੇ ਦੀ ਘਟਨਾ ਮਿਆਂਮਾਰ ਦੇ ਦੱਖਣੀ ਖੇਤਰ ਦੇ ਬੇਗੋ 'ਚ ਹੋਈ। ਇੱਥੇ ਤਿੰਨ ਬੰਬ ਧਮਾਕੇ ਹੋਏ, ਇਨ੍ਹਾਂ 'ਚ ਇਕ ਪਾਰਸਲ ਬੰਬ ਘਰ 'ਚ ਫਟਿਆ। ਇਸ 'ਚ ਖੇਤਰੀ ਸੰਸਦ ਮੈਂਬਰ ਸੂ ਕਿਊ ਦੀ ਮੌਤ ਹੋ ਗਈ। ਉਨ੍ਹਾਂ ਦੇ ਨਾਲ ਹੀ ਤਿੰਨ ਪੁਲਿਸ ਅਧਿਕਾਰੀਆਂ ਦੀ ਵੀ ਜਾਨ ਗਈ ਹੈ।

ਮਾਮਲੇ 'ਤੇ ਫ਼ੌਜ ਦੇ ਬੁਲਾਰੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਮਿਆਂਮਾਰ ਦੇ ਸਰਹੱਦੀ ਇਲਾਕਿਆਂ 'ਚ ਬਾਗ਼ੀ ਵੀ ਸਰਗਰਮ ਹੋ ਗਏ ਹਨ। ਇਨ੍ਹਾਂ ਬਾਗ਼ੀਆਂ 'ਤੇ ਪਿਛਲੇ ਦਿਨੀਂ ਦੋ ਹਵਾਈ ਅੱਡਿਆਂ 'ਤੇ ਹਮਲੇ ਦਾ ਦੋਸ਼ ਹੈ। ਹੁਣ ਇਨ੍ਹਾਂ ਬਾਗ਼ੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਮਿਆਂਮਾਰ ਦੀ ਫ਼ੌਜ ਦੇ ਇਕ ਹੈਲੀਕਾਪਟਰ ਨੂੰ ਉਡਾ ਦਿੱਤਾ ਹੈ।

ਇਕ ਹੋਰ ਸੂਚਨਾ ਫੇਸਬੁੱਕ ਪੇਜ਼ 'ਤੇ ਦਿੱਤੀ ਗਈ ਹੈ ਕਿ ਚਿਨ ਸੂਬੇ ਦੀ ਹੱਦ 'ਤੇ ਬਾਗ਼ੀਆਂ ਨੇ ਚਾਰ ਫ਼ੌਜੀਆਂ ਦੀ ਹੱਤਿਆ ਕਰ ਦਿੱਤੀ ਤੇ ਅੱਠ ਫ਼ੌਜੀ ਜ਼ਖ਼ਮੀ ਕੀਤੇ ਹਨ। ਇਸ 'ਤੇ ਵੀ ਫ਼ੌਜ ਨੇ ਕੋਈ ਟਿੱਪਣੀ ਨਹੀਂ ਕੀਤੀ।

ਸੰਯੁਕਤ ਰਾਸ਼ਟਰ 'ਚ ਚੀਨ ਦੇ ਰਾਜਦੂਤ ਝਾਂਗ ਜੁਨ ਨੇ ਕਿਹਾ ਹੈ ਕਿ ਮਿਆਂਮਾਰ ਦੇ ਹਾਲਾਤ ਲਗਾਤਾਰ ਗੰਭੀਰ ਹੁੰਦੇ ਜਾ ਰਹੇ ਹਨ। ਇੱਥੇ ਕੂਟਨੀਤਕ ਯਤਨ ਤੇਜ਼ ਕਰਨ ਦੀ ਜ਼ਰੂਰਤ ਹੈ। ਫ਼ੌਰੀ ਤੌਰ 'ਤੇ ਕਦਮ ਨਾ ਚੁੱਕੇ ਗਏ ਤਾਂ ਮਿਆਂਮਾਰ 'ਚ ਖਾਨਾਜੰਗੀ ਹੋ ਸਕਦੀ ਹੈ।

Posted By: Sunil Thapa