ਨਵੀਂ ਦਿੱਲੀ (ਆਈਏਐੱਨਐੱਸ) : ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਤਿੰਨ ਹਫ਼ਤੇ ਬਾਅਦ ਵੀ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਨਹੀਂ ਹੋ ਸਕਿਆ। ਸਰਕਾਰ ’ਚ ਹਿੱਸੇਦਾਰੀ ਨੂੰ ਲੈ ਕੇ ਤਾਲਿਬਾਨ ਦੇ ਵੱਖ-ਵੱਖ ਧਡ਼ਿਆਂ ਵਿਚਾਲੇ ਸੰਘਰਸ਼ ਛਿਡ਼ ਗਿਆ ਹੈ। ਤਾਲਿਬਾਨ ਤੇ ਹੱਕਾਨੀ ਨੈੱਟਵਰਕ ਆਹਮਣੇ-ਸਾਹਮਣੇ ਆ ਗਏ ਹਨ। ਇਨ੍ਹਾਂ ਦੋਵਾਂ ਵਿਚਾਲੇ ਗੋਲ਼ੀਬਾਰੀ ਵੀ ਹੋਈ ਹੈ ਜਿਸ ਵਿਚ ਤਾਲਿਬਾਨ ਦੇ ਦੂਜੇ ਨੰਬਰ ਦੇ ਆਗੂ ਤੇ ਨਵੀਂ ਸਰਕਾਰ ਦਾ ਮੁਖੀ ਦੱਸੇ ਜਾ ਰਹੇ ਮੁੱਲਾ ਅਬਦੁੱਲ ਗਨੀ ਬਰਾਦਰ ਨੂੰ ਗੋਲ਼ੀ ਲੱਗੀ ਹੈ ਤੇ ਅਫ਼ਗਾਨਿਸਤਾਨ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਾਮਲਾ ਸੁਲਝਾਉਣ ਲਈ ਹੀ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਮੁਖੀ ਫੈਜ਼ ਹਾਮਿਦ ਕਾਬੁਲ ਪੁੱਜਾ ਹੈ।

ਪੈਂਟਾਗਨ ਦੇ ਸਾਬਕਾ ਅਧਿਕਾਰੀ ਰਹੇ ਸੁਰੱਖਿਆ ਮਾਮਲਿਆਂ ਦੇ ਮਾਹਿਰ ਮਾਈਕਲ ਰੁਬਿਨ ਮੁਤਾਬਕ ਹੱਕਾਨੀ ਨੈੱਟਵਰਕ ਸਮੇਤ ਤਾਲਿਬਾਨ ਦੇ ਵੱਖ-ਵੱਖ ਧੜਿਆਂ ਨੇ ਹਿਬਾਤੁੱਲ੍ਹਾ ਅਖੁੰਦਜ਼ਾਦਾ ਨੂੰ ਆਪਣਾ ਆਗੂ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਹੈ, ਜਦਕਿ ਤਾਲਿਬਾਨ ਨੇ ਦੋ ਦਿਨ ਪਹਿਲਾਂ ਹੀ ਕਿਹਾ ਸੀ ਕਿ ਅਖੁੰਦਜ਼ਾਦਾ ਇਸਲਾਮਿਕ ਅਮੀਰਾਤ ਦੇ ਸਰਬਉੱਚ ਆਗੂ ਹੋਣਗੇ ਤੇ ਉਨ੍ਹਾਂ ਦੇ ਮਾਤਹਿਤ ਹੀ ਨਵੀਂ ਸਰਕਾਰ ਕੰਮ ਕਰੇਗੀ। ਰੁਬਿਨ ਕਹਿੰਦੇ ਹਨ ਕਿ ਤਾਲਿਬਾਨ ਨੇ ਪਹਿਲਾਂ ਤਿੰਨ ਸਤੰਬਰ ਨੂੰ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਕੀਤਾ ਸੀ ਪਰ ਅਜੇ ਤਕ ਇਸ ਦਾ ਐਲਾਨ ਨਹੀਂ ਕੀਤਾ ਜਾ ਸਕਿਆ। ਦੇਰੀ ਦਾ ਕਾਰਨ ਸਰਕਾਰ ’ਚ ਹਿੱਸੇਦਾਰੀ ਨੂੰ ਲੈ ਕੇ ਵੱਖ-ਵੱਖ ਧਡ਼ਿਆਂ ਵਿਚਾਲੇ ਗੰਭੀਰ ਮਤਭੇਦ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਤਭੇਦਾਂ ਨੂੰ ਸੁਲਝਾਉਣਾ ਆਈਐੱਸਆਈ ਲਈ ਵੀ ਆਸਾਨ ਨਹੀਂ ਹੋਵੇਗਾ ਕਿਉਂਕਿ ਕੁਏਟਾ ਸ਼ੂਰਾ ਹੱਕਾਨੀ ਨੈੱਟਵਰਕ ਤੋਂ ਵੱਖ ਹੈ। ਉਧਰ ਹੱਕਾਨੀ ਨੈੱਟਵਰਕ ਨਾਰਦਰਨ ਤਾਲਿਬਾਨ ਤੋਂ ਵੱਖ ਹੈ।

ਤਾਲਿਬਾਨ ਨੇ ਮੁੜ ਛੇਤੀ ਸਰਕਾਰ ਦੇ ਗਠਨ ਦਾ ਕੀਤਾ ਦਾਅਵਾ

ਤਾਲਿਬਾਨ ਨੇ ਇਕ ਵਾਰ ਮੁੜ ਕਿਹਾ ਹੈ ਕਿ ਛੇਤੀ ਹੀ ਨਵੀਂ ਸਰਕਾਰ ਦਾ ਗਠਨ ਕਰ ਦਿੱਤਾ ਜਾਵੇਗਾ। ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਦੇ ਮੈਂਬਰ ਅਨਾਮੁੱਲਾ ਸਮਾਂਗਨੀ ਨੇ ਐਤਵਾਰ ਨੂੰ ਮੁੜ ਕਿਹਾ ਕਿ ਛੇਤੀ ਹੀ ਸਾਂਝੀ ਸਰਕਾਰ ਦਾ ਐਲਾਨ ਕੀਤਾ ਜਾਵੇਗਾ। ਪਰ ਸਮਾਂਗਨੀ ਨੇ ਸੰਭਾਵੀ ਸਰਕਾਰ ਦੀ ਰੂਪਰੇਖਾ ਬਾਰੇ ਵਿਸਥਾਰ ’ਚ ਜਾਣਕਾਰੀ ਨਹੀਂ ਦਿੱਤੀ।

ਹੱਕਾਨੀ ਦੀ ਅਗਵਾਈ ਹੇਠ ਸਰਕਾਰ ਚਾਹੁੰਦਾ ਹੈ ਪਾਕਿਸਤਾਨ

ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਨਿਚਰਾਰ ਨੂੰ ਅਚਾਨਕ ਕਾਬੁਲ ਪੁੱਜੇ ਆਈਐੱਸਆਈ ਮੁਖੀ ਹਾਮਿਦ ਦਾ ਮੁੱਖ ਮਕਸਦ ਹੱਕਾਨੀ ਨੈੱਟਵਰਕ ਦੀ ਅਗਵਾਈ ’ਚ ਸਰਕਾਰ ਬਣਵਾਉਣਾ ਹੈ। ਅਫ਼ਗਾਨਿਸਤਾਨ ਦੀ ਸਾਬਕਾ ਸੰਸਦ ਮੈਂਬਰ ਮਰੀਅਮ ਸੋਲੇਮਾਨਖਿਲ ਨੇ ਕਿਹਾ ਸੀ ਕਿ ਹਾਮਿਦ ਇਹ ਯਕੀਨੀ ਕਰਨ ਕਾਬੁਲ ਆਇਆ ਹੈ ਕਿ ਅਬਦੁੱਲ ਗਨੀ ਬਰਾਦਰ ਦੀ ਅਗਵਾਈ ਹੇਠ ਅਫ਼ਗਾਨਿਸਤਾਨ ’ਚ ਸਰਕਾਰ ਨਾ ਬਣ ਸਕੇ। ਮਰੀਅਮ ਨੇ ਟਵੀਟ ਕਰਕੇ ਕਿਹਾ ਕਿ ਜਿੱਥੋਂ ਤਕ ਉਨ੍ਹਾਂ ਨੂੰ ਪਤਾ ਹੈ ਕਿ ਹਾਮਿਦ ਹੱਕਾਨੀ ਦੀ ਅਗਵਾਈ ’ਚ ਸਰਕਾਰ ਬਣਾਉਣ ਆਇਆ ਹੈ। ਹੱਕਾਨੀ ਨੈੱਟਵਰਕ ਆਈਐੱਸਆਈ ਦੀ ਕਠਪੁਤਲੀ ਹੈ। ਹਾਲਾਂਕਿ ਪਾਕਿਸਤਾਨੀ ਮੀਡੀਆ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਮਿਦ ਸੰਭਾਵੀ ਅਫ਼ਗਾਨਿਸਤਾਨ ਨੂੰ ਲੈ ਕੇ ਚਰਚਾ ਕਰਨ ਗਿਆ ਹੈ।

ਸੰਘਰਸ਼ ’ਤੇ ਤਾਲਿਬਾਨ ਦਾ ਕੋਈ ਬਿਆਨ ਨਹੀਂ

ਸਰਕਰ ਨੂੰ ਲੈ ਕੇ ਵੱਖ-ਵੱਖ ਧੜਿਆਂ ਵਿਚਾਲੇ ਸੰਘਰਸ਼ ’ਤੇ ਤਾਲਿਬਾਨ ਵੱਲੋਂ ਅਜੇ ਤਕ ਕੋਈ ਬਿਆਨ ਨਹੀਂ ਆਇਆ। ਇਸ ਤੋਂ ਵੀ ਸ਼ੱਕ ਪੈਦਾ ਹੋ ਰਿਹਾ ਹੈ ਕਿ ਸਭ ਕੁਝ ਠੀਕ ਨਹੀਂ ਹੈ। ਇਸ ਤਰ੍ਹਾਂ ਦੀ ਕਿਸੇ ਖ਼ਬਰ ਦੇ ਆਉਣ ਤੋਂ ਤੁਰੰਤ ਬਾਅਦ ਤਾਲਿਬਾਨ ਵੱਲੋਂ ਬਿਆਨ ਦਿੱਤਾ ਜਾਂਦਾ ਹੈ।

Posted By: Tejinder Thind