ਇਸਲਾਮਾਬਾਦ ,ਏਜੰਸੀਆਂ : ਅਫ਼ਗਾਨਿਸਤਾਨ ’ਚ ਸ਼ਾਂਤੀ ਦੀ ਸਥਾਪਨਾ ਲਈ ਇਕ ਵਾਰ ਫਿਰ ਕਤਰ ਦੀ ਰਾਜਧਾਨੀ ਦੋਹਾ ਵਿਚ ਅਫ਼ਗਾਨ ਸਰਕਾਰ ਅਤੇ ਤਾਲਿਬਾਨ ਗੱਲਬਾਤ ਲਈ ਬੈਠ ਗਏ ਹਨ। ਅੰਜਾਮ ਦੇ ਬਾਰੇ ਵਿਚ ਅਜੇ ਦੋਵੇਂ ਹੀ ਪੱਖ ਕੁਝ ਵੀ ਕਹਿਣ ਦੀ ਸਥਿਤੀ ਵਿਚ ਨਹੀਂ ਹਨ। ਦੋਵਾਂ ਨੇ ਏਨਾ ਕਿਹਾ ਹੈ ਕਿ ਵਾਰਤਾ ਚੰਗੇ ਮਾਹੌਲ ’ਚ ਸ਼ੁਰੂ ਹੋ ਗਈ ਹੈ।

ਤਾਲਿਬਾਨ ਦੇ ਬੁਲਾਰੇ ਡਾ. ਮੁਹੰਮਦ ਨਈਮ ਨੇ ਸੋਮਵਾਰ ਰਾਤ ਟਵੀਟ ਕੀਤਾ ਕਿ ਪਹਿਲੀ ਜ਼ਰੂਰਤ ਦੋਵਾਂ ਦੀ ਰਜ਼ਾਮੰਦੀ ਨਾਲ ਕਾਰਜ ਸੂਚੀ ਨੂੰ ਤਿਆਰ ਕਰਨਾ ਹੈ। ਦੱਸਣਯੋਗ ਹੈ ਕਿ ਜਨਵਰੀ ਵਿਚ ਜਦੋਂ ਇਕਦਮ ਵਾਰਤਾ ਖ਼ਤਮ ਹੋਈ ਸੀ ਤਦ ਦੋਵਾਂ ਹੀ ਪੱਖਾਂ ਨੇ ਆਪਣੀ ਸੰਭਾਵਿਤ ਕਾਰਜ ਸੂਚੀ ਨੂੰ ਇਕ-ਦੂਜੇ ਨੂੰ ਸੌਂਪਿਆ ਸੀ। ਹੁਣ ਇਸ ’ਤੇ ਸਹਿਮਤੀ ਬਣਨੀ ਹੈ। ਅਫ਼ਗਾਨ ਸਰਕਾਰ, ਅਮਰੀਕਾ ਅਤੇ ਨਾਟੋ ਤਿੰਨਾਂ ਦੀ ਹੀ ਤਰਜੀਹ ਹੁਣ ਹਿੰਸਾ ਵਿਚ ਕਮੀ ਲਿਆਉਣਾ ਹੈ। ਤਾਲਿਬਾਨ ਨੇ ਕਿਹਾ ਹੈ ਕਿ ਇਹ ਗੱਲਬਾਤ ਤੋਂ ਹੀ ਸੰਭਵ ਹੈ।

ਅਮਰੀਕਾ ਦਾ ਨਵਾਂ ਪ੍ਰਸ਼ਾਸਨ ਹੁਣ ਫਰਵਰੀ 2020 ਵਿਚ ਹੋਏ ਸਮਝੌਤੇ ਦੀ ਨਵੇਂ ਸਿਰੇ ਤੋਂ ਸਮੀਖਿਆ ਕਰ ਰਿਹਾ ਹੈ ਜਿਸ ਤਹਿਤ ਉਸ ਨੂੰ ਇਕ ਮਈ ਤਕ ਆਪਣੀ ਪੂਰੀ ਫ਼ੌਜ ਨੂੰ ਉੱਥੋਂ ਵਾਪਸ ਕਰਨਾ ਹੈ। ਇਸ ਮਾਮਲੇ ਵਿਚ ਵਾਸ਼ਿੰਗਟਨ ਇਸ ਪੱਖ ਵਿਚ ਹੈ ਕਿ ਸਮਾਂ ਸੀਮਾ ਨੂੰ ਕੁਝ ਅੱਗੇ ਵਧਾਇਆ ਜਾਵੇ। ਫਿਰ ਵੀ ਅਜੇ ਅਮਰੀਕਾ ਅਤੇ ਨਾਟੋ ਦੋਵਾਂ ਨੇ ਹੀ ਅਫ਼ਗਾਨਿਸਤਾਨ ਵਿਚ ਤਾਇਨਾਤ ਅਮਰੀਕਾ ਦੇ ਢਾਈ ਹਜ਼ਾਰ ਸਮੇਤ 10 ਹਜ਼ਾਰ ਫ਼ੌਜੀਆਂ ਦੇ ਭਵਿੱਖ ਦਾ ਕੋਈ ਫ਼ੈਸਲਾ ਨਹੀਂ ਕੀਤਾ ਹੈ। ਹੁਣ ਕਤਰ ਦੀ ਰਾਜਧਾਨੀ ਦੋਹਾ ਵਿਚ ਸ਼ੁਰੂ ਹੋਈ ਵਾਰਤਾ ਵਿਚ ਨਤੀਜਿਆਂ ’ਤੇ ਹੀ ਸਾਰਿਆਂ ਦਾ ਧਿਆਨ ਹੈ। ਮੰਨਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਦੀ ਹਿੰਸਾ ਦਾ ਭਵਿੱਖ ਵੀ ਇਸ ਵਾਰਤਾ ਨਾਲ ਹੀ ਤੈਅ ਹੋਣ ਵਾਲਾ ਹੈ।


ਸ਼ਾਂਤੀ ਵਾਰਤਾ ਸ਼ੁਰੂ ਹੋਣ ਪਿੱਛੋਂ ਅਫ਼ਗਾਨਿਸਤਾਨ ’ਚ ਹਿੰਸਾ ਵਧੀ


ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਨੇ ਅਫ਼ਗਾਨਿਸਤਾਨ ਵਿਚ ਹਿੰਸਾ ਦੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ। ਇਸ ਰਿਪੋਰਟ ਮੁਤਾਬਕ ਪਿਛਲੇ ਸਾਲਾਂ ਦੀ ਤੁਲਨਾ ਵਿਚ ਇੱਥੇ ਹਿੰਸਾ ਵਿਚ 15 ਫ਼ੀਸਦੀ ਦੀ ਜ਼ਰੂਰ ਕਮੀ ਆਈ ਹੈ ਪ੍ਰੰਤੂ ਸ਼ਾਂਤੀ ਵਾਰਤਾ ਸ਼ੁਰੂ ਹੋਣ ਤੋਂ ਹੁਣ ਤਕ ਹਿੰਸਾ ਵਧੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2020 ਵਿਚ ਉੱਥੇ 8,820 ਲੋਕ ਮਾਰੇ ਗਏ। ਉਹ ਪਿਛਲੇ ਸਾਲ ਯਾਨੀ 2019 ਤੋਂ 15 ਫ਼ੀਸਦੀ ਘੱਟ ਹੈ ਪ੍ਰੰਤੂ ਮਾਹਿਰਾਂ ਨੇ ਕਿਹਾ ਹੈ ਕਿ 2020 ਦੇ ਆਖਰੀ ਤਿੰਨ ਮਹੀਨਿਆਂ ਵਿਚ ਜਦੋਂ ਅਫ਼ਗਾਨ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਵਾਰਤਾ ਸ਼ੁਰੂ ਹੋਈ, ਉਸ ਸਮੇਂ ਦੌਰਾਨ ਉੱਥੇ ਹਿੰਸਾ ਤੇਜ਼ੀ ਨਾਲ ਵਧੀ। ਇਹ ਚੰਗਾ ਸੰਕੇਤ ਨਹੀਂ ਹੈ।

Posted By: Rajnish Kaur