ਫ੍ਰੈਂਕਫਰਟ (ਏਐੱਨਆਈ) : ਜਲਾਵਤਨ ਸਿੰਧੀ ਨੇਤਾ ਨੇ ਪਾਕਿਸਤਾਨ ਦੀ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਹ ਸਿਆਸੀ ਵਰਕਰਾਂ ਨੂੰ ਝੂਠੇ ਦੋਸ਼ਾਂ 'ਚ ਫਸਾ ਰਹੀ ਹੈ। ਉਸ ਦੀ ਕੋਸ਼ਿਸ਼ ਹੈ ਕਿ ਸਿੰਧ ਸੂਬੇ 'ਚ ਗ਼ੈਰ-ਕਾਨੂੰਨੀ ਕਬਜ਼ਿਆਂ, ਵਸੀਲਿਆਂ ਦਾ ਸ਼ੋਸ਼ਣ ਅਤੇ ਮਨੁੱਖੀ ਅਧਿਕਾਰਾਂ ਲਈ ਉੱਠਣ ਵਾਲੀ ਹਰ ਆਵਾਜ਼ ਨੂੰ ਖ਼ਾਮੋਸ਼ ਕਰ ਦਿੱਤਾ ਜਾਵੇ। ਜਿਏ ਹਿੰਦ ਮੁਤਾਹਿਦਾ ਮਹਿਜ ਦੇ ਚੇਅਰਮੈਨ ਸ਼ਫੀ ਬਰਫਤ ਜਰਮਨੀ 'ਚ ਜਲਾਵਤਨੀ ਵਾਲਾ ਜੀਵਨ ਬਤੀਤ ਕਰ ਰਹੇ ਹਨ। ਉਹ ਪਾਕਿਸਤਾਨੀ ਕਬਜ਼ੇ ਖ਼ਿਲਾਫ਼ ਲੰਬੇ ਸਮੇਂ ਤੋਂ ਸਿੰਧੂ ਦੇਸ਼ ਲਈ ਸੰਘਰਸ਼ ਕਰ ਰਹੇ ਹਨ। ਸਿੰਧੂ ਸੂਬੇ 'ਚ ਉਨ੍ਹਾਂ ਦੀ ਹੀ ਪਾਰਟੀ ਨੇ ਵੱਖਰੇ ਸਿੰਧੂ ਦੇਸ਼ ਦੀ ਮੰਗ ਲਈ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ।

ਉਨ੍ਹਾਂ ਕਿਹਾ ਕਿ ਅੰਦੋਲਨ ਤੇਜ਼ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਦਾ ਤਸ਼ੱਦਦ ਹੋਰ ਵਧ ਗਿਆ ਹੈ। ਸਰਕਾਰ ਨੇ ਉਨ੍ਹਾਂ ਅਤੇ ਕਈ ਹੋਰ ਨੇਤਾਵਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਇਸ ਅੰਦੋਲਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ ਕਈ ਨੇਤਾਵਾਂ ਦੀਆਂ ਤਸਵੀਰਾਂ ਨਾਲ ਪ੍ਰਦਰਸ਼ਨ ਕੀਤੇ ਗਏ ਸਨ।

ਬਰਫਤ ਨੇ ਕਿਹਾ ਕਿ ਸਿੰਧ ਸੂਬੇ ਵਿਚ ਪਾਕਿਸਤਾਨ ਦੀ ਸਰਕਾਰ ਉਥੋਂ ਦੇ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ 'ਤੇ ਤੁਲੀ ਹੋਈ ਹੈ। ਜਿਹੜਾ ਵੀ ਆਪਣੀ ਆਜ਼ਾਦੀ ਲਈ ਆਵਾਜ਼ ਚੁੱਕਦਾ ਹੈ, ਉਸ 'ਤੇ ਜ਼ੁਲਮ-ਜ਼ਿਆਦਤੀ ਸ਼ੁਰੂ ਹੋ ਜਾਂਦੀ ਹੈ।