ਦੁਬਈ : ਸਾਡੇ ਕੋਲ ਸਿੱਖਾਂ ਦਾ ਮੱਕਾ-ਮਦੀਨਾ ਹੈ ਤੇ ਅਸੀਂ ਘੱਟ ਗਿਣਤੀ ਭਾਈਚਾਰੇ ਲਈ ਇਨ੍ਹਾਂ ਪਵਿੱਤਰ ਅਸਥਾਨਾਂ ਨੂੰ ਖੋਲ੍ਹ ਰਹੇ ਹਾਂ। ਇਹ ਗੱਲ ਪਾਕਿਸਤਾਨ ਦੇ ਪ੍ਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਅਰਬ ਅਮੀਰਾਤ 'ਚ ਐਤਵਾਰ ਨੂੰ ਕਹੀ। ਇਮਰਾਨ ਯੂਏਈ ਦੇ ਉਪ ਰਾਸ਼ਟਰਪਤੀ ਤੇ ਪ੍ਧਾਨ ਮੰਤਰੀ ਦੇ ਸੱਦੇ 'ਤੇ ਵਰਲਡ ਗਵਰਨਮੈਂਟ ਸਮਿਟ 'ਚ ਹਿੱਸਾ ਲੈਣ ਗਏ ਹਨ। ਦੱਸਣਾ ਬਣਦਾ ਹੈ ਕਿ ਇਮਰਾਨ ਨੇ ਪਿਛਲੇ ਸਾਲ ਨਵੰਬਰ 'ਚ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ 'ਚ ਸਥਿਤ ਡੇਰਾ ਬਾਬਾ ਨਾਨਕ ਨਾਲ ਜੋੜਨ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਗੁਰੂ ਨਾਨਕ ਜੀ ਦਾ ਅੰਤਿਮ ਸਥਾਨ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਅਸੀਂ 70 ਦੇਸ਼ਾਂ ਨੂੰ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਮੁਹਈਆ ਕਰਵਾਈ ਹੈ। ਪਾਕਿਸਤਾਨ 'ਚ ਸੈਰ ਸਪਾਟਾ ਖੇਤਰ 'ਚ ਤਰੱਕੀ ਕਰਨ ਦੀ ਅਸੀਮ ਸੰਭਾਵਨਾਵਾਂ ਹਨ। ਦੁਨੀਆ ਦੀਆਂ ਅੱਧੀਆਂ ਤੋਂ ਜ਼ਿਆਦਾ ਚੋਟੀਆਂ ਪਾਕਿਸਤਾਨ ਵਿਚ ਹਨ। ਸਾਡੇ ਕੋਲ 5000 ਸਾਲ ਪੁਰਾਣੀ ਸਿੰਧ ਘਾਟੀ ਸੱਭਿਅਤਾ ਹੈ। ਸਭ ਤੋਂ ਪੁਰਾਣੇ ਜੀਵਤ ਸ਼ਹਿਰ ਦੇ ਤੌਰ 'ਤੇ ਪਿਸ਼ਾਵਰ ਹੈ ਜੋ 2500 ਸਾਲ ਪੁਰਾਣਾ ਹੈ।