ਟੋਕੀਓ (ਪੀਟੀਆਈ) : ਜਾਪਾਨ ਦੀ ਯੋਕੋਹਾਮਾ ਬੰਦਰਗਾਹ 'ਤੇ ਖੜ੍ਹੇ ਕਰੂਜ਼ ਦੇ ਅਮਲੇ ਵਿਚਲੇ ਚਾਰ ਭਾਰਤੀਆਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਇਸ ਨਾਲ ਜਹਾਜ਼ 'ਤੇ ਮੌਜੂਦ ਵਾਇਰਸ ਪ੍ਰਭਾਵਿਤ ਭਾਰਤੀਆਂ ਦੀ ਗਿਣਤੀ 12 ਤਕ ਪੁੱਜ ਗਈ ਹੈ। ਇਸ ਦੌਰਾਨ ਜਹਾਜ਼ 'ਤੇ ਸਵਾਰ ਲੋਕਾਂ ਵਿਚੋਂ ਇਕ ਹੋਰ 80 ਸਾਲਾ ਜਾਪਾਨੀ ਨਾਗਰਿਕ ਦੀ ਐਤਵਾਰ ਨੂੰ ਮੌਤ ਹੋ ਗਈ। ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ। ਇਸ ਨਾਲ ਹੁਣ ਤਕ ਮਾਰੇ ਜਾਪਾਨੀ ਨਾਗਰਿਕਾਂ ਦੀ ਗਿਣਤੀ ਤਿੰਨ ਹੋ ਗਈ ਹੈ। ਜਾਪਾਨ ਦੇ ਚੀਫ ਕੈਬਨਿਟ ਸਕੱਤਰ ਯੋਸ਼ੀਹਿਡੇ ਸੁਗਾ ਨੇ ਦੱਸਿਆ ਕਿ ਇਕ ਹਜ਼ਾਰ ਮੁਸਾਫ਼ਰਾਂ ਨੂੰ ਅਜੇ ਜਹਾਜ਼ 'ਤੇ ਹੀ ਰੱਖਿਆ ਜਾਏਗਾ। ਸ਼ਨਿਚਰਵਾਰ ਨੂੰ ਉਨ੍ਹਾਂ 100 ਮੁਸਾਫ਼ਰਾਂ ਨੂੰ ਜਹਾਜ਼ ਤੋਂ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਜੋ ਪਹਿਲੇ ਵਾਇਰਸ ਪ੍ਰਭਾਵਿਤ ਸਨ। ਜਹਾਜ਼ 'ਤੇ ਸਵਾਰ 3,711 ਲੋਕਾਂ ਵਿਚੋਂ 132 ਅਮਲੇ ਦੇ ਮੈਂਬਰਾਂ ਅਤੇ 6 ਮੁਸਾਫ਼ਰਾਂ ਸਣੇ 138 ਭਾਰਤੀ ਉਸ ਵਿਚ ਸਵਾਰ ਹਨ।

ਇਟਲੀ 'ਚ ਕੋਰੋਨਾ ਵਾਇਰਸ ਕਾਰਨ ਯਾਤਰਾ 'ਤੇ ਪਾਬੰਦੀਆਂ


ਉੱਤਰੀ ਇਟਲੀ ਵਿਚ ਕੋਰੋਨਾ ਵਾਇਰਸ ਕਾਰਨ ਦੋ ਮੌਤਾਂ ਹੋਣ ਪਿੱਛੋਂ ਸਰਕਾਰ ਨੇ 50 ਹਜ਼ਾਰ ਲੋਕਾਂ 'ਤੇ ਇਕ ਹਫ਼ਤੇ ਤਕ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ ਅਤੇ ਸ਼ਹਿਰੀਆਂ ਨੂੰ ਘਰਾਂ ਵਿਚ ਹੀ ਰਹਿਣ ਦੇ ਆਦੇਸ਼ ਦਿੱਤੇ ਹਨ।

ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਕਾਰਨ ਦੇਸ਼ ਦੇ ਇਕ ਨਾਗਰਿਕ ਦੀ ਮੌਤ ਹੋਣ ਪਿੱਛੋਂ ਯੂਰਪ ਵਿਚ ਇਟਲੀ ਅਜਿਹਾ ਪਹਿਲਾ ਦੇਸ਼ ਬਣ ਗਿਆ ਸੀ ਜਿੱਥੇ ਵਾਇਰਸ ਕਾਰਨ ਮੌਤ ਹੋਈ। ਸ਼ਨਿਚਰਵਾਰ ਨੂੰ ਵੀ ਇਕ 77 ਸਾਲਾ ਔਰਤ ਦੀ ਵਾਇਰਸ ਕਾਰਨ ਮੌਤ ਹੋ ਗਈ। ਇਸ ਪਿੱਛੋਂ ਪ੍ਰਸ਼ਾਸਨ ਨੇ ਇਹ ਸਖ਼ਤ ਕਦਮ ਚੁੱਕਿਆ ਹੈ। ਇਸ ਸਮੇਂ ਦੇਸ਼ ਦੇ 79 ਲੋਕਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਹਨ। ਐਤਵਾਰ ਨੂੰ ਹੋਣ ਵਾਲਾ ਥ੍ਰੀ ਸੀਰੀਜ਼ ਏ ਫੁੱਟਬਾਲ ਮੈਚ ਵੀ ਰੱਦ ਕਰ ਦਿੱਤਾ ਗਿਆ ਹੈ। ਰੋਮ ਵਿਚ ਦੋ ਚੀਨੀ ਨਾਗਰਿਕਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਸਨ ਜਿਨ੍ਹਾਂ ਨੂੰ ਵੱਖਰੇ ਵਾਰਡ ਵਿਚ ਰੱਖਿਆ ਗਿਆ ਹੈ।

Posted By: Amita Verma