ਹਾਂਗਕਾਂਗ, ਏਜੰਸੀ। ਸਾਊਦੀ ਅਰਬ ਦੇ ਦੋ ਤੇਲ ਪਲਾਂਟਾਂ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਨੂੰ 10 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਦੇ ਦੋ ਵੱਡੇ ਟਿਕਾਣਿਆਂ 'ਤੇ ਸ਼ਨਿਚਰਵਾਰ ਸਵੇਰੇ ਡਰੋਨ ਹਮਲਿਆਂ ਤੋਂ ਬਾਅਦ ਉੱਥੇ ਉਤਪਾਦਨ ਠੱਪ ਹੋ ਗਿਆ ਸੀ। ਇਸ ਕਾਰਨ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਤੇ ਗੈਸ ਕੰਪਨੀ ਦੇ ਉਤਪਾਦਨ 'ਚ 50 ਫ਼ੀਸਦੀ ਤਕ ਦੀ ਕਟੌਤੀ ਦਰਜ ਕੀਤੀ ਗਈ ਸੀ। ਇਹ ਕੰਪਨੀ ਦੁਨੀਆ ਦੇ ਸਿਖ਼ਰਲੇ ਉਤਪਾਦਕਾਂ 'ਚ ਸ਼ੁਮਾਰ ਹੈ।

ਸਮਾਚਾਰ ਏਜੰਸੀ ਏਐੱਫਪੀ ਮੁਤਾਬਿਕ, ਏਸ਼ਿਆਈ ਬਾਜ਼ਾਰ 'ਚ ਵੈਸਟ ਟੈਕਸਾਸ ਇੰਟਰਮੀਡੀਏਟ (West Texas Intermediate, WTI) ਕਰੂਡ ਆਇਲ ਦੀਆਂ ਕੀਮਤਾਂ 10.68 ਫ਼ੀਸਦੀ ਵੱਧ ਕੇ 60.71 ਡਾਲਰ ਜਦਕਿ ਬ੍ਰੈਂਟ (Brent) ਕਰੂਡ ਆਇਲ ਕੀਮਤਾਂ 11.77 ਫ਼ੀਸਦੀ ਵੱਧ ਕੇ 67.31 ਡਾਲਰ ਤਕ ਪਹੁੰਚ ਗਈਆਂ ਹਨ। ਇਕ ਸਮੇਂ ਤਾਂ ਅਜਿਹਾ ਵੀ ਆਇਆ ਜਦੋਂ ਬ੍ਰੈਂਟ ਕਰੂਡ ਆਇਲ ਦੀਆਂ ਕੀਮਤਾਂ 'ਚ 20 ਫ਼ੀਸਦੀ ਤਕ ਦਾ ਉਛਾਲ ਦਰਜ ਕੀਤਾ ਗਿਆ।

Posted By: Akash Deep