ਹੇਨਾਨ (ਏਐੱਨਆਈ) : ਚੀਨ 'ਚ ਉਈਗਰ ਮੁਸਲਮਾਨਾਂ 'ਤੇ ਅੱਤਿਆਚਾਰ ਦੀ ਚਰਚਾ ਤਾਂ ਦੁਨੀਆ ਭਰ ਵਿਚ ਹੋ ਰਹੀ ਹੈ ਪ੍ਰੰਤੂ ਉਸ ਦੇ ਹੇਨਾਨ ਸੂਬੇ ਵਿਚ ਰਹਿਣ ਵਾਲੇ ਉਤਸੁਲ ਮੁਸਲਿਮਾਂ 'ਤੇ ਵੀ ਘੱਟ ਜ਼ਿਆਦਤੀ ਨਹੀਂ ਹੋ ਰਹੀ। ਉਈਗਰਾਂ ਦੀ ਤਰ੍ਹਾਂ ਇਨ੍ਹਾਂ ਦੀਆਂ ਧਾਰਮਿਕ ਸਰਗਰਮੀਆਂ 'ਚ ਵੀ ਰੁਕਾਵਟ ਪਾਈ ਜਾ ਰਹੀ ਹੈ ਅਤੇ ਇਨ੍ਹਾਂ 'ਤੇ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ।

ਹੇਨਾਨ ਸੂਬੇ ਦੇ ਸਾਨਿਆ ਸ਼ਹਿਰ ਵਿਚ ਉਤਸੁਲ ਮੁਸਲਿਮਾਂ ਦੀ ਛੋਟੀ ਜਿਹੀ ਆਬਾਦੀ ਰਹਿੰਦੀ ਹੈ। ਇਹ ਗਿਣਤੀ ਵਿਚ ਕਰੀਬ 10 ਹਜ਼ਾਰ ਹਨ ਪ੍ਰੰਤੂੁ ਇਨ੍ਹਾਂ ਦੇ ਰਵਾਇਤੀ ਕੱਪੜੇ-ਬੁਰਕਾ, ਹਿਜਾਬ ਪਾਉਣ, ਟੋਪੀ ਲਗਾਉਣ, ਸਾਫਾ ਬੰਨ੍ਹਣ ਅਤੇ ਦਾੜ੍ਹੀ ਵਧਾਉਣ 'ਤੇ ਰੋਕ ਲਗਾ ਦਿੱਤੀ ਗਈ ਹੈ। ਔਰਤ ਅਤੇ ਮਰਦ ਧਾਰਮਿਕ ਚਿੰਨ੍ਹ ਵਾਲੀ ਪੋਸ਼ਾਕ ਨਾਲ ਸਕੂਲ ਅਤੇ ਸਰਕਾਰੀ ਦਫ਼ਤਰਾਂ 'ਚ ਨਹੀਂ ਜਾ ਸਕਦੇ ਹਨ। ਉਤਸੁਲ ਭਾਈਚਾਰੇ ਦੇ ਇਕ ਮੈਂਬਰ ਨੇ ਪਛਾਣ ਜਨਤਕ ਨਾ ਕਰਨ ਦੀ ਬੇਨਤੀ ਨਾਲ ਹਾਂਗਕਾਂਗ ਦੇ 'ਸਾਊਥ ਮਾਰਨਿੰਗ ਪੋਸਟ' ਅਖ਼ਬਾਰ ਨੂੰ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਖੁੱਲ੍ਹੇ ਵਿਚ ਸਾਡੀਆਂ ਔਰਤਾਂ ਦਾ ਹਿਜਾਬ ਪਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੂੰ ਥਾਂ-ਥਾਂ ਟੋਕਿਆ ਜਾਂਦਾ ਹੈ। ਇਕ ਪ੍ਰਾਇਮਰੀ ਸਕੂਲ ਵਿਚ ਜਦੋਂ ਕੁੜੀਆਂ ਨੇ ਹਿਜਾਬ ਪਾ ਕੇ ਪੜ੍ਹਾਈ ਕਰਨੀ ਚਾਹੀ ਤਾਂ ਉੱਥੇ ਪੁਲਿਸ ਬੁਲਾ ਲਈ ਗਈ। ਉਤਸੁਲ ਕੁੜੀਆਂ ਦੇ ਹਿਜਾਬ ਅਤੇ ਰਵਾਇਤੀ ਲਾਂਗ ਸਕਰਟ ਵੀ ਪਾਉਣ 'ਤੇ ਰੋਕ ਹੈ। ਚਾਮਿਕ ਭਾਸ਼ਾ ਬੋਲਣ ਵਾਲੇ ਉਤਸੁਲ ਭਾਈਚਾਰੇ ਦੇ ਲੋਕ ਪੂਰਬੀ ਏਸ਼ੀਆ ਵਿਚ ਪਾਏ ਜਾਂਦੇ ਹਨ। ਇਹ ਹਰ ਥਾਂ ਘੱਟ ਗਿਣਤੀ ਸਥਿਤੀ ਵਿਚ ਹਨ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਚੀਨ ਵਿਚ 10 ਲੱਖ ਉਈਗਰ ਮੁਸਲਿਮ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਨੂੰ ਬੰਦੀ ਕੈਂਪਾਂ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਧਾਰਮਿਕ ਗੱਲਾਂ ਭੁੱਲ ਕੇ ਕਮਿਊਨਿਸਟ ਪਾਰਟੀ ਦੀਆਂ ਮਾਨਤਾਵਾਂ ਨੂੰ ਸਿਖਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ਼ੁਰੂਆਤ ਵਿਚ ਇਸ ਰਿਪੋਰਟ ਨੂੰ ਨਕਾਰਨ ਪਿੱਛੋਂ ਚੀਨ ਸਰਕਾਰ ਨੇ ਮੰਨ ਲਿਆ ਹੈ ਕਿ ਉਹ ਮੁਸਲਿਮਾਂ ਨੂੰ ਕੈਂਪ ਵਿਚ ਰੱਖ ਕੇ ਦੇਸ਼-ਭਗਤੀ ਦਾ ਪਾਠ ਪੜ੍ਹਾ ਰਹੀ ਹੈ। ਇਸ ਨਾਲ ਉਈਗਰਾਂ ਨੂੰ ਅੱਤਵਾਦ ਤੋਂ ਦੂਰ ਰੱਖਣ ਵਿਚ ਮਦਦ ਮਿਲ ਰਹੀ ਹੈ। ਸ਼ਿਨਜਿਆਂਗ ਸੂਬੇ ਵਿਚ ਹਿੰਸਾ ਅਤੇ ਅੱਤਵਾਦੀ ਘਟਨਾਵਾਂ ਦੀਆਂ ਵਾਰਦਾਤਾਂ ਪਿੱਛੋਂ ਉਈਗਰਾਂ ਨੂੰ ਕੈਂਪ ਵਿਚ ਰੱਖਣ ਦਾ ਫ਼ੈਸਲਾ ਕੀਤਾ ਗਿਆ।