ਸਿਓਲ (ਏਜੰਸੀ) : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਦਰਕਿਨਾਰ ਕਰ ਕੇ ਹਥਿਆਰਾਂ ਦਾ ਮੁਜ਼ਾਹਰਾ ਮੁੜ ਸ਼ੁਰੂ ਕਰ ਦਿੱਤਾ ਹੈ। ਦੋ ਦਿਨ ਪਹਿਲਾਂ ਪਰਮਾਣੂ ਸਮਰੱਥਾ ਵਾਲੀ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤੇ ਜਾਣ ਚੋਂ ਬਾਅਦ ਹੁਣ ਉਸਨੇ ਪੂਰਬੀ ਸਮੁੰਦਰ 'ਚ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਇਹ ਹੋਰ ਜ਼ਿਆਦਾ ਵਿਕਸਤ ਮਿਜ਼ਾਈਲਾਂ ਹਨ।

ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ ਸਟਾਫ ਨੇ ਕਿਹਾ ਕਿ ਬੁੱਧਵਾਰ ਨੂੰ ਦੁਪਹਿਰ ਦੋ ਮਿਜ਼ਾਈਲਾਂ ਮੱਧ ਉੱਤਰੀ ਕੋਰੀਆ ਤੋਂ ਦਾਗੀਆਂ ਗਈਆਂ ਹਨ। ਇਨ੍ਹਾਂ ਮਿਜ਼ਾਈਲਾਂ ਨੇ ਸਮੁੰਦਰ 'ਚ ਡਿੱਗਣ ਤੋਂ ਪਹਿਲਾਂ 800 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਨ੍ਹਾਂ ਪ੍ਰੀਖਣਾਂ ਦਾ ਅਮਰੀਕਾ ਇੰਟੈਲੀਜੈਂਸ ਏਜੰਸੀਆਂ ਵਿਸ਼ਲੇਸ਼ਣ ਕਰ ਰਹੀਆਂ ਹਨ।

ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਕਿਹਾ ਕਿ ਮਿਜ਼ਾਈਲ ਜਾਪਾਨ ਦੇ ਵਿਸ਼ੇਸ਼ ਆਰਥਿਕ ਜ਼ੋਨ ਦੇ ਬਾਹਰ ਜਾਪਾਨ ਤੇ ਕੋਰੀਆ ਪ੍ਰਾਇਦਵੀਪ ਵਿਚਾਲੇ ਦੇ ਸਮੁੰਦਰੀ ਹਿੱਸੇ 'ਚ ਡਿੱਗੀਆਂ ਹਨ। ਇਨ੍ਹਾਂ ਪ੍ਰਰੀਖਣਾਂ ਤੋਂ ਜਾਪਾਨ ਤੇ ਖੇਤਰ ਦੀ ਸੁਰੱਖਿਆ ਨੂੰ ਖ਼ਤਰਾ ਹੈ। ਜਾਪਾਨ ਸਰਕਾਰ ਕਿਸੇ ਵੀ ਅਚਾਨਕ ਹਾਲਾਤ ਲਈ ਮਜ਼ਬੂਤੀ ਨਾਲ ਤਿਆਰੀ ਕਰ ਰਹੀ ਹੈ। ਇਨ੍ਹਾਂ ਮਿਜ਼ਾਈਲਾਂ ਨਾਲ ਕੋਈ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਹੈ।

ਦੋ ਦਿਨ ਪਹਿਲਾਂ ਉੱਤਰੀ ਕੋਰੀਆ ਨੇ ਲੰਬੀ ਦੂਰੀ ਵਾਲੀ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਇੱਥੋਂ ਦੇ ਸਰਕਾਰੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਪ੍ਰੀਖਣ ਦੀ ਕੋਈ ਮਿਜ਼ਾਈਲ 1500 ਕਿਲੋਮੀਟਰ ਤਕ ਸਹੀ ਨਿਸ਼ਾਨਾ ਬੰਨ੍ਹ ਸਕਦੀ ਹੈ। ਇਹ ਪਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਹੈ।

ਬੁੱਧਵਾਰ ਨੂੰ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰਰੀਖਣ ਅਜਿਹੇ ਸਮੇਂ 'ਚ ਕੀਤਾ ਗਿਆ ਹੈ, ਜਦਕਿ ਉੱਤਰੀ ਕੋਰੀਆ ਨੂੰ ਪੂਰਾ ਸਹਿਯੋਗ ਤੇ ਸਹਾਇਤਾ ਦੇਣ ਵਾਲੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਸਿਓਲ 'ਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਦੇ ਨਾਲ ਉੱਤਰੀ ਕੋਰੀਆ ਦੀ ਹੀ ਪਰਮਾਣੂ ਕੂਟਨੀਤੀ ਨੂੰ ਲੈ ਕੇ ਗੱਲਬਾਤ ਕਰ ਰਹੇ ਸਨ। ਮੂਨ ਨੇ ਚੀਨ ਦੇ ਉੱਤਰੀ ਕੋਰੀਆ ਨਾਲ ਪਰਮਾਣੂ ਰੇੜਕੇ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ।

ਯਾਦ ਰਹੇ ਕਿ ਉੱਤਰੀ ਕੋਰੀਆ ਦੀਆਂ ਦੋ ਮਿਜ਼ਾਈਲਾਂ ਦੇ ਪ੍ਰਰੀਖਣ ਦੇ ਕੁਝ ਦੇਰ ਬਾਅਦ ਉਸਨੇ ਵੀ ਪਾਣੀ ਦੇ ਅੰਦਰ ਮਿਜ਼ਾਈਲ ਦਾ ਪ੍ਰਰੀਖਣ ਕੀਤਾ ਹੈ। ਰਾਸ਼ਟਰਪਤੀ ਮੂਨ ਜੇ ਇਨ ਨੇ ਕਿਹਾ ਕਿ ਪਣਡੁੱਬੀ ਮਿਜ਼ਾਈਲ ਪੂਰੀ ਤਰ੍ਹਾਂ ਨਾਲ ਦੇਸੀ ਹੈ। ਇਹ ਮਿਜ਼ਾਈਲ ਤਿੰਨ ਹਜ਼ਾਰ ਟਨ ਸਮਰੱਥਾ ਵਾਲੀ ਪਣਡੁੱਬੀ ਤੋਂ ਦਾਗੀ ਗਈ।