ਸਿਓਲ (ਏਪੀ) : ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਪਾਣੀ ’ਚ ਮਾਰ ਕਰਨ ਵਾਲੇ ਇਕ ਅਜਿਹੇ ਡ੍ਰੋਨ ਦੀ ਪਰਖ਼ ਕੀਤੀ ਹੈ, ਜੋ ਪਰਮਾਣੂ ਸਮਰੱਥਾ ਨਾਲ ਲੈਸ ਹੋਣ ਦੇ ਨਾਲ ਹੀ ਰੇਡੀਓਐਕਟਿਵ ਸੁਨਾਮੀ ਪੈਦਾ ਕਰਨ ’ਚ ਸਮਰੱਥ ਹੈ। ਇਹ ਦੁਸ਼ਮਣ ਦੀ ਨੇਵੀ ਤੇ ਬੰਦਰਗਾਹ ਨੂੰ ਤਬਾਹ ਕਰ ਸਕਦਾ ਹੈ। ਡ੍ਰੋਨ ਨੂੰ ਹਾਈਲ ਨਾਂ ਦਿੱਤਾ ਗਿਆ ਹੈ। ਇਸਦਾ ਕੋਰੀਅਨ ਭਾਸ਼ਾ ’ਚ ਅਰਥ ਸਮੁੰਦਰੀ ਲਹਿਰ ਜਾਂ ਸੁਨਾਮੀ ਹੁੰਦਾ ਹੈ।

ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਹ ਇਸ ਨੂੰ 2012 ਤੋਂ ਵਿਕਸਿਤ ਕਰ ਰਿਹਾ ਸੀ ਤੇ ਹੁਣ ਤਕ ਕਰੀਬ 50 ਵਾਰ ਇਸ ਦੀ ਪਰਖ਼ ਕਰ ਚੁੱਕਾ ਹੈ। ਇਹ ਪਰਖ਼ ਜੰਗ ਦੌਰਾਨ ਇਸ ਦੀ ਭਰੋਸੇਯੋਗਤਾ ਜਾਂਚਣ ਲਈ ਕੀਤੀ ਗਈ ਹੈ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਡ੍ਰੋਨ ਮੰਗਲਵਾਰ ਨੂੰ ਉੱਤਰੀ ਕੋਰੀਆ ਦੇ ਪੂਰਬੀ ਤੱਟ ’ਤੇ ਤਾਇਨਾਤ ਕੀਤਾ ਗਿਆ ਸੀ। ਲਗਪਗ 60 ਘੰਟੇ ਤਕ ਪਾਣੀ ਦੇ ਅੰਦਰ ਯਾਤਰਾ ਕਰਨ ਤੋਂ ਬਾਅਦ ਦੁਸ਼ਮਣ ਦੇ ਬੰਦਰਗਾਹ ਦੇ ਰੂਪ ’ਚ ਖੜ੍ਹੇ ਟੀਚੇ ਨੂੰ ਇਸ ਨੇ ਨਿਸ਼ਾਨਾ ਬਣਾਇਆ।

ਉੱਤਰੀ ਕੋਰੀਆ ਵੱਲੋਂ ਡ੍ਰੋਨ ਦੀ ਪਰਖ਼ ਉਸ ਤਿੰਨ ਦਿਨਾ ਅਭਿਆਸ ਦਾ ਹਿੱਸਾ ਹੈ, ਜਿਸਦੇ ਅੰਤਰਗਤ ਬੁੱਧਵਾਰ ਨੂੰ ਕਰੂਜ਼ ਮਿਜ਼ਾਈਲ ਦਾਗ਼ੀ ਗਈ ਸੀ। ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵੱਲੋਂ ਜੰਗੀ ਅਭਿਆਸ ਦਾ ਨਿਰੀਖਣ ਕੀਤਾ ਗਿਆ ਸੀ। ਉਨ੍ਹਾਂ ਅਮਰੀਕਾ ਤੇ ਦੱਖਣੀ ਕੋਰੀਆ ਦਰਮਿਆਨ ਹੋਣ ਵਾਲੀ ਜੰਗੀ ਮਸ਼ਕ ਦਾ ਵਿਰੋਧ ਕਰਦਿਆਂ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਕਸਮ ਖਾਧੀ ਸੀ। ਹਾਲਾਂਕਿ ਮਾਹਿਰਾਂ ਨੂੰ ਸ਼ੰਕਾ ਹੈ ਕਿ ਇਹ ਕਿਸੇ ਤਰ੍ਹਾਂ ਦਾ ਗੰਭੀਰ ਖ਼ਤਰਾ ਪੈਦਾ ਕਰਨ ’ਚ ਸਮਰੱਥ ਹੋਵੇਗਾ। ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਤੇ ਅਮਰੀਕਾ ਵੱਲੋਂ ਪੰਜ ਸਾਲਾਂ ’ਚ ਹੁਣ ਤਕ ਦਾ ਸਭ ਤੋਂ ਵੱਡਾ ਸਾਂਝਾ ਜੰਗੀ ਅਭਿਆਸ ਕੀਤਾ ਜਾ ਰਿਹਾ ਹੈ।

Posted By: Sandip Kaur