ਸਿਓਲ (ਏਜੰਸੀਆਂ) : ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੇ ਇਕ ਲਾਪਤਾ ਮੱਛੀ ਪਾਲਣ ਅਧਿਕਾਰੀ ਨੂੰ ਗੋਲ਼ੀ ਮਾਰ ਕੇ ਹੱਤਿਆ ਕਰਨ ਪਿੱਛੋਂ ਉਸ ਦੀ ਲਾਸ਼ ਸਾੜ ਦਿੱਤੀ ਹੈ। ਦੱਖਣੀ ਕੋਰੀਆ ਨੇ ਇਸ ਘਟਨਾ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਸਾਡੀ ਫ਼ੌਜ ਇਸ ਜ਼ਾਲਮਾਨਾ ਕਾਰਵਾਈ ਦੀ ਨਿੰਦਾ ਕਰਦੀ ਹੈ ਅਤੇ ਉੱਤਰੀ ਕੋਰੀਆ ਨੂੰ ਸਪੱਸ਼ਟੀਕਰਨ ਦੇਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਦੀ ਹੈ।

ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਮੁਤਾਬਕ ਵਿਵਾਦਤ ਸਮੁੰਦਰੀ ਸਰਹੱਦ ਕੋਲ ਉੱਤਰੀ ਕੋਰਿਆਈ ਫ਼ੌਜੀਆਂ ਨੇ ਮੱਛੀ ਪਾਲਣ ਅਧਿਕਾਰੀ ਨੂੰ ਗੋਲ਼ੀ ਮਾਰ ਦਿੱਤੀ। 47 ਸਾਲਾਂ ਦਾ ਇਹ ਅਧਿਕਾਰੀ ਸਰਕਾਰੀ ਕਿਸ਼ਤੀ ਵਿਚ ਸਵਾਰ ਸੀ। ਇਸ ਦੌਰਾਨ ਉੱਤਰੀ ਕੋਰੀਆ ਦੇ ਫ਼ੌਜੀ ਆ ਧਮਕੇ ਅਤੇ ਗੋਲ਼ੀਆਂ ਚਲਾ ਦਿੱਤੀਆਂ। ਖ਼ੁਫ਼ੀਆ ਜਾਣਕਾਰੀ ਦੇ ਵਿਸ਼ਲੇਸ਼ਣ ਪਿੱਛੋਂ ਦੱਖਣੀ ਕੋਰਿਆਈ ਫ਼ੌਜ ਨੇ ਕਿਹਾ ਕਿ ਹੱਤਿਆ ਪਿੱਛੋਂ ਲਾਸ਼ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ। ਇਕ ਅਧਿਕਾਰੀ ਮੁਤਾਬਕ, ਅਜਿਹੀਆਂ ਜਾਣਕਾਰੀਆਂ ਮਿਲੀਆਂ ਹਨ ਕਿ ਇਹ ਅਧਿਕਾਰੀ ਉੱਤਰੀ ਕੋਰੀਆ ਜਾਣਾ ਚਾਹੁੰਦਾ ਸੀ। ਕੋਰੋਨਾ ਵਾਇਰਸ ਨੂੰ ਲੈ ਕੇ ਉੱਤਰੀ ਕੋਰੀਆ ਸਰਕਾਰ ਨੇ ਸਖ਼ਤ ਨੀਤੀ ਅਪਣਾ ਰੱਖੀ ਹੈ। ਇਸ ਤਹਿਤ ਨਾਜਾਇਜ਼ ਤੌਰ 'ਤੇ ਸਰਹੱਦ ਪਾਰ ਕਰਨ ਵਾਲੇ ਨੂੰ ਦੇਖਦੇ ਹੀ ਗੋਲ਼ੀ ਮਾਰ ਦੇਣ ਦਾ ਆਦੇਸ਼ ਹੈ। ਹੋ ਸਕਦਾ ਹੈ ਇਸੇ ਕਾਰਨ ਉੱਤਰੀ ਕੋਰੀਆ ਦੇ ਫ਼ੌਜੀਆਂ ਨੇ ਇਸ ਅਧਿਕਾਰੀ ਨੂੰ ਗੋਲ਼ੀ ਮਾਰ ਦਿੱਤੀ ਹੋਵੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਘਟਨਾ ਲਈ ਪੂਰੀ ਤਰ੍ਹਾਂ ਉੱਤਰੀ ਕੋਰੀਆ ਜਿੰਮੇਵਾਰ ਹੈ ਅਤੇ ਉਸ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਇਸ ਤੋਂ ਪਹਿਲੇ ਦੱਖਣੀ ਕੋਰੀਆ ਨੇ ਬੁੱਧਵਾਰ ਨੂੰ ਉੱਤਰੀ ਕੋਰੀਆ ਨੂੰ ਆਪਣੇ ਲਾਪਤਾ ਅਧਿਕਾਰੀ ਦਾ ਪਤਾ ਲਗਾਉਣ ਲਈ ਸੰਦੇਸ਼ ਭੇਜਿਆ ਸੀ ਪ੍ਰੰਤੂ ਉਧਰੋਂ ਕੋਈ ਜਵਾਬ ਨਹੀਂ ਆਇਆ।