ਸੰਯੁਕਤ ਰਾਸ਼ਟਰ (ਏਪੀ) : ਸੰਯੁਕਤ ਰਾਸ਼ਟਰ (ਯੂਐੱਨ) ਦੇ ਮਾਹਿਰਾਂ ਦਾ ਕਹਿਣਾ ਹੈ ਕਿ ਉਹ 17 ਦੇਸ਼ਾਂ 'ਚ ਉੱਤਰੀ ਕੋਰੀਆ ਵੱਲੋਂ ਕੀਤੇ ਗਏ 35 ਸਾਈਬਰ ਹਮਲਿਆਂ ਦੀ ਜਾਂਚ ਕਰ ਰਹੇ ਹਨ। ਇਨ੍ਹਾਂ ਅਪਰਾਧਾਂ ਨੂੰ ਅਜਿਹੇ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਉੱਤਰੀ ਕੋਰੀਆ ਪਹਿਲਾਂ ਤੋਂ ਹੀ ਯੂਐੱਨ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਫ਼ੀਸਦੀ 'ਚ ਪੇਸ਼ ਕੀਤੀ ਗਈ ਮਾਹਿਰਾਂ ਦੀ ਰਿਪੋਰਟ ਮੁਤਾਬਕ, ਉੱਤਰੀ ਕੋਰੀਆ ਨੇ ਇਨ੍ਹਾਂ ਸਾਈਬਰ ਹਮਲਿਆਂ ਰਾਹੀਂ ਦੋ ਅਰਬ ਡਾਲਰ (ਕਰੀਬ 140 ਕਰੋੜ ਰੁਪਏ) ਤਕ ਦਾ ਧਨ ਇਕੱਠਾ ਕੀਤਾ। ਇਸ ਦੀ ਵਰਤੋਂ ਉਹ ਆਪਣੇ ਤਬਾਹਕਾਰੀ ਮਿਜ਼ਾਈਲ ਪ੍ਰੋਗਰਾਮ ਲਈ ਕਰ ਰਿਹਾ ਹੈ। ਉੱਤਰੀ ਕੋਰੀਆ ਦੀ ਫ਼ੌਜ ਨੂੰ ਵੀ ਇਸ ਨਾਜਾਇਜ਼ ਕੰਮ 'ਚ ਲਗਾਇਆ ਗਿਆ ਹੈ। 10 ਸਾਈਬਰ ਹਮਲਿਆਂ ਨਾਲ ਗੁਆਂਢੀ ਮੁਲਕ ਦੱਖਣੀ ਕੋਰੀਆ ਨੂੰ ਇਸ ਦਾ ਸਭ ਤੋਂ ਵੱਡਾ ਖ਼ਾਮਿਆਜ਼ਾ ਭੁਗਤਨਾ ਪਿਆ ਹੈ। ਭਾਰਤ ਨੂੰ ਵੀ ਅਜਿਹੇ ਤਿੰਨ ਸਾਈਬਰ ਹਮਲਿਆਂ ਨਾਲ ਨੁਕਸਾਨ ਝੱਲਣਾ ਪਿਆ ਹੈ। ਚਿਲੀ ਤੇ ਬੰਗਲਾਦੇਸ਼ ਜਿਹੇ 15 ਹੋਰ ਦੇਸ਼ ਵੀ ਇਸ ਦੇ ਸ਼ਿਕਾਰ ਹੋ ਚੁੱਕੇ ਹਨ। ਇਸ ਅਪਰਾਧ ਨੂੰ ਉੱਤਰੀ ਕੋਰੀਆ ਬੈਂਕਾਂ ਵਿਚਕਾਰ ਧਨ ਰਾਸ਼ੀ ਦੇ ਲੈਣ ਦੇਣ 'ਚ ਵਰਤੇ ਜਾਣ ਵਾਲੇ ਸਿਸਟਮ ਨੂੰ ਹੈਕ ਕਰ ਕੇ ਅੰਜਾਮ ਦੇ ਰਿਹਾ ਹੈ। ਇਸ ਤੋਂ ਇਲਾਵਾ ਸਾਈਬਰ ਅਪਰਾਧੀ ਕ੍ਰਿਪਟੋਕਰੰਸੀ ਦੇ ਲੈਣ ਦੇਣ 'ਚ ਸੰਨ੍ਹ ਲਗਾ ਕੇ ਆਪਣੇ ਮਨਸੂਬੇ 'ਚ ਕਾਮਯਾਬ ਹੋ ਰਹੇ ਹਨ। ਰਿਪੋਰਟ 'ਚ ਉੱਤਰੀ ਕੋਰੀਆ 'ਤੇ ਹੋਰ ਜ਼ਿਆਦਾ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ।