ਕੋਪੇਨਹੇਗਨ (ਡੈਨਮਾਰਕ), ਏਪੀ : ਨਾਰਵੇ ਦੀ ਨੋਬੇਲ ਕਮੇਟੀ ਨੇ ਸੋਮਵਾਰ ਨੂੰ ਦੱਸਿਆ ਕਿ ਸਾਲ 2021 ਦੇ ਨੋਬੇਲ ਸ਼ਾਂਤੀ ਪੁਰਸਕਾਰ (Nobel Peace Price 2021) ਲਈ 329 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿਚੋਂ 234 ਵਿਅਕਤੀ ਤੇ 95 ਸੰਗਠਨ ਹਨ। ਨਾਮਜ਼ਦਗੀ ਦੀ ਆਖ਼ਰੀ ਤਰੀਕ ਇਕ ਫਰਵਰੀ ਸੀ। ਓਸਲੋ ਸਥਿਤ ਇਸ ਸੰਗਠਨ ਨੇ ਦੱਸਿਆ ਕਿ ਨੋਬਲ ਸ਼ਾਂਤੀ ਪੁਰਸਕਾਰ ਦੀ ਨਾਮਜ਼ਦਗੀ ਦੀ ਇਹ ਤੀਸਰੀ ਸਭ ਤੋਂ ਵੱਡੀ ਗਿਣਤੀ ਹੈ। ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਸਮੂਹਾਂ 'ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ 'ਚ ਆਪਣੀ ਭੂਮਿਕਾ ਲਈ ਵਿਸ਼ਵ ਸਿਹਤ ਸੰਗਠਨ (WHO) ਵੀ ਸ਼ਾਮਲ ਹੈ।

ਇਸ ਪੁਰਸਕਾਰ ਲਈ ਸਭ ਤੋਂ ਵੱਧ 376 ਨਾਮਜ਼ਦਗੀਆਂ 2016 'ਚ ਪ੍ਰਾਪਤ ਹੋਈਆਂ ਸਨ। ਇਸ ਪੁਰਸਕਾਰ ਲਈ ਸਰਕਾਰਾਂ ਦੇ ਪ੍ਰਮੁੱਖ, ਕੌਮੀ ਪੱਧਰ 'ਤੇ ਤਾਇਨਾਤ ਸਿਆਸਤਦਾਨ, ਯੂਨੀਵਰਸਿਟੀ ਦੇ ਪ੍ਰੋਫੈਸਰ, ਵਿਦੇਸ਼ ਨੀਤੀ ਸੰਸਥਾਵਾਂ ਦੇ ਡਾਇਰੈਕਟਰ, ਸਾਬਕਾ ਨੋਬੇਲ ਪੁਰਸਕਾਰ ਜੇਤੂ ਤੇ ਨਾਰਵੇ ਦੀ ਨੋਬੇਲ ਕਮੇਟੀ ਦੇ ਮੈਂਬਰ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ।

ਹਾਲਾਂਕਿ ਓਸਲੋ ਸਥਿਤ ਇਸ ਬੇਹਦ ਗੋਪਨੀਅਤਾ ਵਰਤਣ ਵਾਲੇ ਬੋਰਡ ਨੇ ਨਾਮਜ਼ਦਗੀਆਂ ਦਾ ਐਲਾਨ ਨਹੀਂ ਕੀਤਾ ਹੈ, ਪਰ ਨਾਮਜ਼ਦਗੀ ਕਰਨ ਵਾਲੇ ਚਾਹੁਣ ਤਾਂ ਨਾਮਜ਼ਦ ਤੇ ਪ੍ਰਸਤਾਵ ਭੇਜਣ ਵਾਲੇ ਦੋਵਾਂ ਦੇ ਨਾਵਾਂ ਦਾ ਐਲਾਨ ਕਰ ਸਕਦੇ ਹਨ। ਦੱਸ ਦੇਈਏ ਕਿ ਨੋਬੇਲ ਕਮੇਟੀ ਆਪਣੇ ਸਾਲਾਨਾ ਫੈਸਲੇ ਦਾ ਐਲਾਨ ਹਰ ਸਾਲ ਅਕਤੂਬਰ 'ਚ ਕਰਦੀ ਹੈ। ਜਦਕਿ ਸ਼ਾਂਤੀ ਤੇ ਹੋਰ ਨੋਬੇਲ ਪੁਰਸਕਾਰ ਹਰ ਸਾਲ 10 ਦਸੰਬਰ ਨੂੰ ਦਿੱਤੇ ਜਾਂਦੇ ਹਨ।

ਐਸੋਸੀਏਟਿਡ ਪ੍ਰੈੱਸ ਨੇ ਦੱਸਿਆ ਕਿ ਨੋਬੇਲ ਸ਼ਾਂਤੀ ਪੁਰਸਕਾਰ 2021 ਦੇ ਉਮੀਦਵਾਰਾਂ 'ਚ ਬੇਲਾਰੂਸ ਦੀ ਜਲਾਵਤਨ ਵਿਰੋਧੀ ਧਿਰ ਦੀ ਨੇਤਾ ਸਵੇਤਲਾਨਾ ਤਿਖਨੋਸਕਾਇਆ ਤੇ ਦੋ ਹੋਰ ਬੇਲਾਰੂਸ ਲੋਕਤੰਤਰ ਵਰਕਰ, ਵੇਰੋਨਿਕਾ ਤਸੇਪਲਕੋ ਤੇ ਮਾਰੀਆ ਕੋਲੇਨਿਕੋਵਾ ਸ਼ਾਮਲ ਹਨ। ਇਸ ਤੋਂ ਇਲਾਵਾ 'ਦਿ ਬਲੈਕ ਲਾਈਵਸ ਮੈਟਰ' ਅੰਦੋਲਨ, ਰੂਸੀ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ, ਵ੍ਹਾਈਟ ਹਾਊਸ ਦੇ ਸਾਬਕਾ ਸਲਾਹਕਾਰ ਜੈਰੇਡ ਕੁਸ਼ਨਰ ਤੇ ਅਬਰਾਹਮ ਸੰਧੀ ਲਈ ਪੱਛਮੀ ਏਸ਼ੀਆ ਦੇ ਨਾਲ ਸਿਲਸਿਲੇਵਾਰ ਗੱਲਬਾਤ ਕਰਨ ਵਾਲੇ ਅਵੀ ਬਰਕੋਵਿਤਜ਼ ਸ਼ਾਮਲ ਹਨ।

Posted By: Seema Anand