ਬਗ਼ਦਾਦ (ਰਾਇਟਰ) : ਇਰਾਕ 'ਚ ਅਮਰੀਕੀ ਫ਼ੌਜ ਦੀ ਮੌਜੂਦਗੀ ਖ਼ਿਲਾਫ਼ ਸ਼ੁੱਕਰਵਾਰ ਨੂੰ ਰਾਜਧਾਨੀ ਬਗ਼ਦਾਦ ਵਿਚ ਦੋ ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਸ਼ੀਆ ਧਰਮਗੁਰੂ ਮੁਕਤਦਾ ਅਲ ਸਦ੍ ਦੀ ਅਪੀਲ 'ਤੇ ਹੋਈਆਂ ਇਨ੍ਹਾਂ ਰੈਲੀਆਂ ਵਿਚ ਲੋਕ ਨੋ-ਨੋ ਅਮਰੀਕਾ, ਨੋ-ਨੋ ਇਜ਼ਰਾਈਲ ਦੇ ਨਾਅਰੇ ਲਗਾ ਰਹੇ ਸਨ। ਇਨ੍ਹਾਂ ਰੈਲੀਆਂ ਵਿਚ ਮੌਜੂਦ ਕੁਝ ਪ੍ਰਦਰਸ਼ਨਕਾਰੀਆਂ ਨੇ ਬਾਅਦ ਵਿਚ ਤਹਿਰੀਰ ਚੌਕ 'ਤੇ ਕਰਵਾਈ ਸਰਕਾਰ ਵਿਰੋਧੀ ਰੈਲੀ ਵਿਚ ਵੀ ਸ਼ਿਰਕਤ ਕੀਤੀ। ਅਲ ਸਦ੍ ਇਰਾਕ ਵਿਚ ਸਾਰੇ ਤਰ੍ਹਾਂ ਦੀ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਵਿਰੋਧ ਕਰਦੇ ਹਨ। ਹਾਲ ਹੀ ਵਿਚ ਉਨ੍ਹਾਂ ਦੀ ਈਰਾਨ ਨਾਲ ਨੇੜਤਾ ਵਧੀ ਹੈ।

ਇਹ ਰੈਲੀਆਂ ਮੱਧ ਬਗ਼ਦਾਦ ਦੇ ਅਲ ਹੁਰੀਆ ਚੌਕ ਅਤੇ ਸ਼ਹਿਰ ਦੀ ਮੁੱਖ ਯੂਨੀਵਰਸਿਟੀ ਦੇ ਨੇੜੇ ਕਰਵਾਈਆਂ ਗਈਆਂ ਸਨ। ਰੈਲੀ ਵਿਚ ਸ਼ਾਮਲ ਧਰਮਗੁਰੂ ਨੇ ਕਿਹਾ ਕਿ ਅਸੀਂ ਅਮਰੀਕਾ, ਇਜ਼ਰਾਈਲ ਅਤੇ ਸਰਕਾਰ ਦੇ ਭਿ੍ਸ਼ਟ ਰਾਜਨੇਤਾਵਾਂ ਨੂੰ ਹਟਾਉਣਾ ਚਾਹੁੰਦੇ ਹਾਂ। ਇਸ ਵਿਚਾਲੇ ਇਰਾਕ ਦੇ ਸਿਖਰਲੇ ਸ਼ੀਆ ਮੁਸਲਿਮ ਧਰਮਗੁਰੂ ਆਯਤੁੱਲਾਹ ਅਲੀ ਅਲ ਸਿਸਤਾਨੀ ਨੇ ਆਪਣੇ ਹਫ਼ਤਾਵਾਰੀ ਸੰਦੇਸ਼ ਵਿਚ ਸਿਆਸੀ ਸਥਿਰਤਾ ਲਈ ਰਾਜਨੀਤਕ ਸਮੂੂਹਾਂ ਤੋਂ ਨਵੀਂ ਸਰਕਾਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਇਰਾਕੀਆਂ ਦੇ ਜੀਵਨ ਵਿਚ ਬਿਹਤਰੀ ਲਈ ਵੱਡੇ ਪੱਧਰ 'ਤੇ ਸੁਧਾਰਾਂ ਨੂੰ ਲਾਗੂ ਕਰਨ ਦੀ ਵੀ ਅਪੀਲ ਕੀਤੀ।