ਸਿਓਲ (ਏਜੰਸੀਆਂ) : ਉੱਤਰੀ ਕੋਰੀਆ ਦੇ ਸਰਬਉੱਚ ਆਗੂ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਤੋਂ ਮਾਫ਼ੀ ਮੰਗ ਲਈ ਹੈ। ਉੱਤਰੀ ਕੋਰਿਆਈ ਫ਼ੌਜੀਆਂ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸਮੁੰਦਰ ਵਿਚ ਦੱਖਣੀ ਕੋਰੀਆ ਦੇ ਇਕ ਅਧਿਕਾਰੀ ਨੂੰ ਗੋਲ਼ੀ ਮਾਰ ਕੇ ਉਸ ਦੀ ਲਾਸ਼ ਸਾੜ ਦਿੱਤੀ ਸੀ। ਕਿਸੇ ਮੁੱਦੇ 'ਤੇ ਦੱਖਣੀ ਕੋਰੀਆ ਤੋਂ ਕਿਮ ਦਾ ਮਾਫ਼ੀ ਮੰਗਣਾ ਇਕ ਦੁਰਲੱਭ ਘਟਨਾ ਹੈ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਕਿ ਕਿਮ ਨੇ ਗੋਲ਼ੀਬਾਰੀ ਦੀ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਮਾਫ਼ੀ ਮੰਗੀ ਹੈ। ਦੱਖਣੀ ਕੋਰੀਆ ਨੂੰ ਭੇਜੇ ਗਏ ਪੱਤਰ ਵਿਚ ਕਿਮ ਨੇ ਕਿਹਾ ਹੈ ਕਿ ਇਕ ਅਜਿਹੇ ਸਮੇਂ ਵਿਚ ਜਦਕਿ ਦੱਖਣੀ ਕੋਰੀਆ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ, ਇਕ ਮੰਦਭਾਗੀ ਘਟਨਾ ਹੋਈ। ਰਾਸ਼ਟਰਪਤੀ ਮੂਨ ਅਤੇ ਦੱਖਣੀ ਕੋਰੀਆ ਦੇ ਲੋਕਾਂ ਨੂੰ ਨਿਰਾਸ਼ ਕਰਨ ਲਈ ਉਹ ਮਾਫ਼ੀ ਮੰਗਦੇ ਹਨ। ਕਿਮ ਵੱਲੋਂ ਮਾਫ਼ੀ ਮੰਗਣਾ ਇਸ ਲਈ ਵੀ ਅਹਿਮ ਹੈ ਕਿ ਇਸ ਘਟਨਾ ਨਾਲ ਦੱਖਣੀ ਕੋਰੀਆ ਦੇ ਲੋਕਾਂ ਦਾ ਗੁੱਸਾ ਅਸਮਾਨ 'ਤੇ ਪੁੱਜ ਗਿਆ ਸੀ। ਇਸ ਤੋਂ ਪਹਿਲੇ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ 'ਤੇ ਉਸ ਦੇ ਇਕ ਮੱਛੀ ਪਾਲਣ ਅਧਿਕਾਰੀ ਦੀ ਹੱਤਿਆ ਦਾ ਦੋਸ਼ ਲਗਾਉਂਦੇ ਹੋਏ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਸੀ। ਦੱਖਣੀ ਕੋਰੀਆ ਦੀ ਸਮੁੰਦਰੀ ਸਰਹੱਦ ਵਿਚ ਨਾਜਾਇਜ਼ ਤੌਰ 'ਤੇ ਮੱਛੀਆਂ ਫੜਨ ਦੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਲਈ ਤਾਇਨਾਤ ਇਕ ਮੱਛੀ ਪਾਲਣ ਅਧਿਕਾਰੀ ਲਾਪਤਾ ਹੋ ਗਏ ਸਨ। ਬਾਅਦ ਵਿਚ ਖ਼ੁਫ਼ੀਆ ਸੂਤਰਾਂ ਤੋਂ ਪਤਾ ਲੱਗਾ ਕਿ ਉੱਤਰੀ ਕੋਰੀਆ ਦੇ ਫ਼ੌਜੀਆਂ ਨੇ ਉਨ੍ਹਾਂ ਦੀ ਹੱਤਿਆ ਕਰ ਕੇ ਲਾਸ਼ ਸਾੜ ਦਿੱਤੀ ਸੀ।