ਨਿਆਮੀ (ਏਐੱਫਪੀ) : ਅਫਰੀਕੀ ਦੇਸ਼ ਨਾਈਜਰ 'ਚ ਖਾਣ-ਪੀਣ ਦੀ ਸਮੱਗਰੀ ਦੀ ਵੰਡ ਦੌਰਾਨ ਸ਼ਰਨਾਰਥੀਆਂ ਵਿਚਕਾਰ ਮਚੀ ਭਾਜੜ ਵਿਚ 20 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 15 ਔਰਤਾਂ ਅਤੇ ਪੰਜ ਬੱਚੇ ਹਨ। ਸੋਮਵਾਰ ਨੂੰ ਨਾਈਜਰ ਦੇ ਦਿਫਾ ਸ਼ਹਿਰ ਵਿਚ ਇਹ ਘਟਨਾ ਤਦ ਘਟੀ ਜਦੋਂ ਖਾਧ ਪਦਾਰਥ ਸਮੇਤ ਹੋਰ ਰਾਹਤ ਸਮੱਗਰੀ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦਾ ਹਜ਼ੂਮ ਇਕੱਠੇ ਪੁੱਜ ਗਿਆ। ਹਾਦਸੇ ਵਾਲੀ ਥਾਂ ਗੁਆਂਢੀ ਦੇਸ਼ ਨਾਈਜੀਰੀਆ ਅਤੇ ਚਾਡ ਨਾਲ ਲੱਗਦੀ ਸਰਹੱਦ 'ਤੇ ਸਥਿਤ ਹੈ ਜਿੱਥੇ ਲੱਖਾਂ ਦੀ ਗਿਣਤੀ ਵਿਚ ਲੋਕ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ।

ਦਿਫਾ ਦੇ ਸੰਸਕ੍ਰਿਤਕ ਕੇਂਦਰ ਵਿਚ ਸੋਮਵਾਰ ਨੂੰ ਖਾਧ ਸਮੱਗਰੀ, ਕੱਪੜੇ ਅਤੇ ਪੈਸਾ ਵੰਡਣ ਦੀ ਖ਼ਬਰ ਸੁਣ ਕੇ ਇਕੱਠੇ ਹਜ਼ਾਰਾਂ ਲੋਕ ਉੱਥੇ ਪੁੱਜ ਗਏ। ਬਹੁਤ ਸਾਰੇ ਲੋਕ ਤਾਂ 100 ਕਿਲੋਮੀਟਰ ਦੂਰ ਤੋਂ ਪੈਦਲ ਚੱਲ ਕੇ ਆਏ ਸਨ। ਅੱਤਵਾਦ ਅਤੇ ਗ੍ਰਹਿ ਯੁੱਧ ਤੋਂ ਪ੍ਰਭਾਵਿਤ ਨਾਈਜਰ ਦੇ ਇਸ ਸ਼ਹਿਰ ਵਿਚ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਰਨ ਲੈ ਰੱਖੀ ਹੈ। ਇਨ੍ਹਾਂ ਵਿਚ ਗੁਆਂਢੀ ਦੇਸ਼ ਦੇ ਲੋਕ ਵੀ ਵੱਡੀ ਗਿਣਤੀ ਵਿਚ ਸ਼ਾਮਲ ਹਨ। ਦਿਫਾ ਸੂਬੇ ਦੇ ਗਵਰਨਰ ਇਸਾ ਲੇਮਿਨੇ ਨੇ ਦੱਸਿਆ ਕਿ ਇੱਥੇ ਇਕ ਦਿਨ ਪਹਿਲੇ ਰਾਹਤ ਸਮੱਗਰੀ ਦੀ ਵੰਡ ਸਫਲਤਾ ਪੂਰਵਕ ਕੀਤੀ ਗਈ ਸੀ।